ਫ਼ਤਹਿਗੜ੍ਹ ਸਾਹਿਬ, 21 ਦਸੰਬਰ (ਮਨਪ੍ਰੀਤ ਸਿੰਘ)-ਬਲਾਕ ਸੰਮਤੀ ਜ਼ੋਨ ਲਟੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਬਿੱਟਾ ਨੇ ਜਿੱਤ ਹਾਸਲ ਕੀਤੀ ਹੈ, ਜਿਨ੍ਹਾਂ ਦੀ ਜਿੱਤ ਦੇ ਉਪਰੰਤ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਸਿਰੋਪਾਉ ਦੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਦੇ ਪੀ. ਏ. ਸਤੀਸ਼ ਲਟੌਰ ਨੇ ਕਿਹਾ ਕਿ ਬਲਾਕ ਸੰਮਤੀ ਜੋਨ ਲਟੌਰ ਦੇ ਲੋਕਾਂ ਵਲੋਂ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ਦੇ 'ਤੇ ਮੋਹਰ ਲਗਾਈ ਗਈ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਜਦੋਂ ਦੀ ਹੋਂਦ ਵਿਚ ਆਈ ਹੈ, ਉਦੋਂ ਤੋਂ ਹੀ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ 'ਤੇ ਕਰਵਾ ਰਹੀ ਹੈ, ਤਾਂ ਜੋ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ | ਇਸ ਦੇ ਨਾਲ-ਨਾਲ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਰੋਹਿਤ ਸਿੰਗਲਾ, ਸਾਬਕਾ ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਹਰਨੇਕ ਸਿੰਘ, ਦਿਆਲ ਸਿੰਘ, ਤਰਸੇਮ ਦਾਸ, ਬਲਜੀਤ ਸਿੰਘ, ਜਰਨੈਲ ਸਿੰਘ, ਰਣਜੀਤ ਸਿੰਘ, ਬਹਾਦਰ ਅਲੀ, ਹਰਪ੍ਰੀਤ ਸਿੰਘ, ਹਰਿੰਦਰ ਸਿੰਘ ਤੇ ਪੰਚ ਬਹਾਦਰ ਅਲੀ ਆਦਿ ਹਾਜ਼ਰ ਸਨ |