ਖਮਾਣੋਂ, 28 ਦਸੰਬਰ (ਮਨਮੋਹਣ ਸਿੰਘ ਕਲੇਰ)-ਭਾਜਪਾ ਐੱਸ. ਸੀ. ਮੋਰਚਾ ਦੇ ਸੂਬਾ ਵਾਈਸ ਪ੍ਰਧਾਨ ਤੇ ਹਲਕਾ ਬਸੀ ਪਠਾਣਾਂ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸਮਰਪਿਤ ਵੀਰ ਬਾਲ ਦਿਵਸ ਪੂਰੇ ਦੇਸ਼ 'ਚ ਮਨਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ਦੇ ਸੰਦਰਭ 'ਚ 26 ਦਸੰਬਰ ਨੂੰ ਪੂਰੇ ਦੇਸ਼ ਦੇ ਵਿਚ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਵੀਰ ਬਾਲ ਦਿਵਸ ਪੂਰੇ ਦੇਸ਼ ਅੰਦਰ ਸਕੂਲਾਂ, ਕਾਲਜਾਂ, ਸਰਕਾਰੀ ਅਦਾਰਿਆਂ ਵਿਚ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾਇਆ ਗਿਆ | ਸਿੱਧੂਪੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਸਿੱਖ ਧਰਮ ਦਾ ਸਤਿਕਾਰ ਕੀਤਾ ਹੈ | ਭਾਵੇਂ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਗੱਲ ਹੋਵੇ, ਚਾਹੇ ਨੌਵੀਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਵਰੇ੍ਹ ਨੂੰ ਯਾਦ ਕਰਦਿਆਂ ਮਨਾਉਣ ਦੀ ਗੱਲ ਹੋਵੇ, ਕੇਂਦਰ ਸਰਕਾਰ ਵਲੋਂ ਸਿੱਖਾਂ ਦੇ ਗੁਰੂ ਸਾਹਿਬਾਨਾਂ ਵਲੋਂ ਦਿੱਤੀਆਂ ਕੁਰਬਾਨੀਆਂ ਨੂੰ ਹਮੇਸ਼ਾ ਅਦਬ ਤੇ ਸਤਿਕਾਰ ਦੇ ਨਾਲ ਯਾਦ ਕੀਤਾ ਗਿਆ |