ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਬਲਜਿੰਦਰ ਸਿੰਘ)-ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਸ਼ੁਰੂ ਹੋਈ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਸਭਾ ਦੌਰਾਨ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਅਤੇ ਕੇਸਾਂ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਗੇਟ ਮੂਹਰੇ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਭਾਈ ਸੁਰਜੀਤ ਸਿੰਘ ਗੜ੍ਹੀ ਮੈਂਬਰ ਅੰਤਿ੍ਗ ਕਮੇਟੀ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸਿੱਖ ਪਰਿਵਾਰ ਦੇ ਨੌਜਵਾਨ ਬੱਚੇ ਸਿੱਖੀ ਸਿਧਾਂਤਾਂ ਤੋਂ ਮੁਨਕਰ ਹੋ ਕੇ ਪਤਿਤਪੁਣੇ ਵੱਲ ਨੂੰ ਵਧ ਰਹੇ ਹਨ, ਜੋ ਸਿੱਖ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਪਵਿੱਤਰ ਦਿਹਾੜਿਆਂ ਮੌਕੇ ਦਸਤਾਰ ਸਿਖਲਾਈ ਕੈਂਪਾਂ ਰਾਹੀਂ ਨੌਜਵਾਨਾਂ ਨੂੰ ਦਸਤਾਰ ਦੀ ਮਹੱਤਤਾ ਬਾਰੇ ਜਾਗਰੂਕ ਕਰਕੇ ਸਿੱਖੀ ਦੀ ਮੁੱਖ ਧਾਰਾ ਵਿਚ ਲਿਆਉਣਾ ਚਾਹੀਦਾ ਹੈ | ਇਸ ਮੌਕੇ ਜਥੇਦਾਰ ਮਨਮੋਹਨ ਸਿੰਘ ਮੁੁਕਾਰੋਂਪੁਰ ਨੇ ਕਿਹਾ ਕਿ ਸ਼ਹੀਦ ਬਾਬਾ ਜੀਵਨ ਸਿੰਘ ਵੈੱਲਫੇਅਰ ਸੁਸਾਇਟੀ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਤੇ ਅੱਜ ਨੌਜਵਾਨਾਂ ਨੂੰ ਦਸਤਾਰ ਸਜਾਉਣ ਪ੍ਰਤੀ ਪ੍ਰੇਰਿਤ ਕਰਨ ਦੀ ਲੋੜ ਵੀ ਹੈ, ਕਿਉਂਕਿ ਦਸਤਾਰ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਕੌਮ ਦੇ ਮਹਾਨ ਯੋਧਿਆਂ ਨੂੰ ਆਪਣੀਆਂ ਸ਼ਹਾਦਤਾਂ ਵੀ ਦੇਣੀਆਂ ਪਈਆਂ ਹਨ | ਉਨ੍ਹਾਂ ਕਿਹਾ ਕਿ ਜਥੇਦਾਰ ਜਗਰੂਪ ਸਿੰਘ ਗੁੱਜਰਵਾਲ ਪ੍ਰਧਾਨ ਤੇ ਸੰਸਥਾ ਦੇ ਕੌਮੀ ਪ੍ਰਧਾਨ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਦੇ ਯਤਨਾਂ ਸਦਕਾ ਸ਼੍ਰੋਮਣੀ ਕਮੇਟੀ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਹਿਯੋਗ ਨਾਲ ਇਹ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦਸਤਾਰ ਸਜਾਉਣ ਦਾ ਪ੍ਰਣ ਲੈਣ ਦੇ ਨਾਲ-ਨਾਲ ਦਾੜ੍ਹੀ ਤੇ ਕੇਸਾਂ ਦੀ ਬੇਅਦਬੀ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ | ਕੈਂਪ ਦੌਰਾਨ ਪੰਜਾਬ ਭਰ 'ਚੋਂ ਆਏ ਕੋਚ ਸਾਹਿਬਾਨ ਨੂੰ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਕੈਂਪ ਵਿਚ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ, ਐਡਵੋਕੇਟ ਜਸਪ੍ਰੀਤ ਸਿੰਘ ਝੰਬਾਲੀ, ਸੁਖਵੰਤ ਸਿੰਘ ਅਲੀਪੁਰ, ਜਸਵਿੰਦਰ ਸਿੰਘ ਧੂਰੀ, ਪਰਮਜੀਤ ਸਿੰਘ, ਬਲਤੇਜ ਸਿੰਘ, ਸੁਸ਼ੀਲ ਕੁਮਾਰ, ਮੀਤ ਸਿੰਘ, ਗੁਰਮੀਤ ਸਿੰਘ ਟੌਹੜਾ, ਰਣਦੇਵ ਸਿੰਘ ਦੇਬੀ, ਡਾ. ਐੱਚ. ਐੱਸ. ਭੱਟੀ, ਨੇਤਰ ਸਿੰਘ ਕੈਨੇਡਾ, ਜਸਵੀਰ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ, ਹਰਕੋਮਲ ਸਿੰਘ, ਜਤਿੰਦਰ ਸਿੰਘ, ਜਗਤਾਰ ਸਿੰਘ ਤੇ ਰਜਿੰਦਰ ਸਿੰਘ ਆਦਿ ਹਾਜ਼ਰ ਸਨ |