ਫ਼ਤਹਿਗੜ੍ਹ ਸਾਹਿਬ, 30 ਦਸੰਬਰ (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਤੇ ਸਿੱਖ ਧਰਮ ਦੇ ਪ੍ਰਚਾਰਕ ਅਤੇ ਦੀਨ ਦੁਖੀਆਂ ਦੇ ਮਸੀਹਾ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਹੰਸਾਲੀ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ | ਇਨ੍ਹਾਂ ਗੱਲਾਂ ਦੀ ਜਾਣਕਾਰੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਸੇਵਕ ਤੇ ਮੌਜੂਦਾ ਮੁਖੀ ਸੰਤ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੁਆਰਾ ਦਿੱਤੀ ਗਈ | ਉਨ੍ਹਾਂ ਕਿਹਾ ਕਿ ਜੁੱਗੋ ਜੁੱਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਖੇੜਾ ਹੰਸਾਲੀ ਸਾਹਿਬ ਵਿਖੇ ਕਰਵਾਏ ਜਾ ਰਹੇ ਹਨ, ਜੋ ਕਿ ਇਕ ਜਨਵਰੀ ਦਿਨ ਵੀਰਵਾਰ ਨੂੰ ਭਾਈ ਬਿੰਦਰ ਸਿੰਘ ਜੀ ਰਾਤ 7 ਵਜੇ ਤੋਂ 8:20 ਤੱਕ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਤੇ ਸ੍ਰੀ ਸਹਿਜ ਪਾਠ ਸਾਹਿਬ ਦੀ ਸੰਪੂਰਨਤਾ ਦੀ ਅਰਦਾਸ ਰਾਤ 9:25 ਮਿੰਟ 'ਤੇ ਬਾਬਾ ਜੀ ਦੇ ਸੱਚਖੰਡ ਪਿਆਨਾ ਕਰਨ ਦੇ ਸਮੇਂ ਹੰਸਾਲੀ ਸਾਹਿਬ ਵਿਖੇ ਹੋਵੇਗੀ | ਉਨ੍ਹਾਂ ਦੱਸਿਆ ਕਿ ਬਾਬਾ ਜੀ ਦੀ ਯਾਦ ਵਿਚ ਦੰਦਾਂ, ਅੱਖਾਂ, ਜਨਰਲ ਮੈਡੀਕਲ ਚੈੱਕਅਪ ਕੈਂਪ, ਆਯੁਰਵੈਦਿਕ ਅਤੇ ਖ਼ੂਨਦਾਨ ਕੈਂਪ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਸੰਤ ਨਿਰਮਲ ਆਸ਼ਰਮ ਹੰਸਾਲੀ ਸਾਹਿਬ ਵਿਖੇ ਲਗਾਏ ਜਾਣਗੇ ਅਤੇ ਗੁਰੂ ਅਮਰਦਾਸ ਮੈਡੀਕਲ ਸਟੋਰ ਖੇੜਾ ਵਲੋਂ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਉਨ੍ਹਾਂ ਸਮੂਹ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਕਿ ਦੱਸੇ ਗਏ ਸਮੇਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਨ | ਇਸ ਮੌਕੇ ਮੈਨੇਜਰ ਸਾਧੂ ਰਾਮ ਭੱਟ ਮਾਜਰਾ, ਮਨਜੀਤ ਸਿੰਘ ਸਰਹਿੰਦ, ਡਾ. ਜਗਦੀਸ਼ ਸਿੰਘ, ਰਜਿੰਦਰ ਸਿੰਘ ਗਰੇਵਾਲ ਲੁਧਿਆਣਾ, ਅਵਤਾਰ ਸਿੰਘ, ਪਿਆਰਾ ਸਿੰਘ, ਡਾ. ਜੈਸਮੀਨ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |