ਵਡਾਲਾ ਬਾਂਗਰ, 1 ਜੂਨ (ਭੁੰਬਲੀ)-ਇਸ ਇਲਾਕੇ ਦੇ ਪਿੰਡ ਸਹਾਰੀ ਦਾ ਇਕ ਨੌਜਵਾਨ ਜਗਰਾਜ ਸਿੰਘ ਪੁੱਤਰ ਜਗਜੀਤ ਸਿੰਘ, ਜੋ +1 ਦਾ ਵਿਦਿਆਰਥੀ ਸੀ, ਬੀਤੇ ਕੱਲ੍ਹ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਕਲੇਰ ਕਲਾਂ ਨੇੜੇ ਦੁਪਹਿਰ ਸਮੇਂ ਨਹਾਉਂਦੇ ਸਮੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜਨ ਕਾਰਨ ਲਾਪਤਾ ਹੈ | ਇਸ ਸਬੰਧੀ ਉਸ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਕੁਝ ਲੜਕਿਆਂ ਨਾਲ ਨਹਿਰ ਦੁਆਬ ਵਿਚ ਪੁਲ ਕਲੇਰ ਕਲਾਂ ਨੇੜੇ ਨਹਾਅ ਰਿਹਾ ਸੀ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਵਿਚ ਡੁੱਬ ਗਿਆ ਹੈ | ਪਰਿਵਾਰ ਅਤੇ ਪ੍ਰਸ਼ਾਸਨ ਉਸ ਦੀ ਭਾਲ ਲਈ ਕਈ ਪ੍ਰਕਾਰ ਦੇ ਯਤਨ ਕਰ ਰਿਹਾ ਹੈ ਪ੍ਰੰਤੂ ਖ਼ਬਰ ਲਿਖੇ ਜਾਣ ਤੱਕ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਾ | ਪਰਿਵਾਰ ਨੌਜਵਾਨ ਦੇ ਲਾਪਤਾ ਹੋਣ ਕਰ ਕੇ ਡੂੰਘੇ ਸਦਮੇ ਵਿਚੋਂ ਗੁਜਰ ਰਿਹਾ ਹੈ | ਇਲਾਕਾ ਨਿਵਾਸੀਆਂ ਤੇ ਪੀੜਤ ਪਰਿਵਾਰ ਦੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਹੈ ਕਿ ਨੌਜਵਾਨ ਦੇ ਲੱਭਣ ਵਿਚ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ | ਜਗਰਾਜ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਕੱਲ੍ਹ ਪ੍ਰਸ਼ਾਸਨ ਖ਼ਿਲਾਫ਼ ਪੁਲ ਕਲੇਰ ਕਲਾਂ ਵਿਖੇ ਧਰਨਾ ਲਾ ਕੇ ਚੱਕਾ ਜਾਮ ਵੀ ਕੀਤਾ ਗਿਆ ਸੀ |