ਪਠਾਨਕੋਟ, 1 ਜੂਨ (ਸੰਧੂ, ਵਿਨੋਦ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਛੇੜੀ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਸੀ. ਆਈ. ਏ. ਸਟਾਫ਼ ਪਠਾਨਕੋਟ ਵਲੋਂ ਚਿੱਟਾ ਵੇਚਣ ਵਾਲੇ ਇਕ ਨਸ਼ਾ ਤਸਕਰ ਦੇ ਖਿਲਾਫ਼ ਪੂਰੀ ਤਰ੍ਹਾਂ ਜਾਲ ਵਿਛਾ ਕੇ ਉਸ ਨੰੂ ਰੰਗੇ ਹੱਥੀਂ ਕਾਬੂ ਕੀਤਾ ਗਿਆ ਪਰ ਐਨ ਉਸ ਮੌਕੇ ਉਸ ਤਸਕਰ ਦੇ ਸਾਥੀ ਤੇ ਸਮਰਥਕ ਪੁੱਜੇ ਤੇ ਉਸ ਨੰੂ ਛੁਡਾਉਣ ਲਈ ਉਨ੍ਹਾਂ ਵਲੋਂ ਸੀ. ਆਈ. ਏ. ਸਟਾਫ਼ ਦੀ ਪਾਰਟੀ 'ਤੇ ਇੱਟਾਂ ਰੋੜਿਆਂ ਨਾਲ ਹਮਲਾ ਕਰ ਦਿੱਤਾ ਗਿਆ | ਇੱਥੋਂ ਤੱਕ ਕਿ ਸੀ. ਆਈ. ਏ. ਸਟਾਫ਼ ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ | ਮਾਮਲਾ ਭਖਦਾ ਹੋਣ 'ਤੇ ਸੀ. ਆਈ. ਏ. ਸਟਾਫ਼ ਦੇ ਇਕ ਮੁਲਾਜ਼ਮ ਵਲੋਂ ਸਥਾਨਿਕ ਲੋਕਾਂ ਅਨੁਸਾਰ 2 ਤੋਂ 3 ਹਵਾਈ ਫਾਇਰ ਕੀਤੇ ਗਏ | ਜਿਸ ਤੋਂ ਬਾਅਦ ਨਸ਼ਾ ਤਸਕਰ ਸਮੇਤ ਉਸ ਦੇ ਸਾਥੀ ਤੇ ਸਮਰਥਕ ਮੌਕੇ 'ਤੋਂ ਫ਼ਰਾਰ ਹੋ ਗਏ | ਮਾਮਲਾ ਬੀਤੀ ਰਾਤ ਲਗਪਗ 11 ਵਜੇ ਦੇ ਕਰੀਬ ਦਾ ਹੈ | ਸਥਾਨਿਕ ਮੁਹੱਲਾ ਪ੍ਰੀਤਨਗਰ ਦੇ ਵਾਸੀਆਂ ਨੇ ਪਹਿਲਾਂ ਤਾਂ ਸੋਚਿਆ ਕਿ ਮਾਮਲਾ ਕਿਸੇ ਦੋ ਧਿਰਾਂ ਵਿਚ ਲੜਾਈ ਦਾ ਹੈ ਪਰ ਜਦੋਂ ਹਵਾਈ ਫਾਇਰ ਹੋਏ ਤਾਂ ਮੁਹੱਲੇ ਦੇ ਲੋਕ ਆਪਣੇ-ਆਪਣੇ ਘਰਾਂ ਤੋਂ ਬਾਹਰ ਆ ਗਏ | ਸਥਾਨਿਕ ਲੋਕਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੀ. ਆਈ. ਏ. ਸਟਾਫ਼ ਦੇ ਮੁਲਾਜ਼ਮ ਗੱਡੀ ਨੰਬਰ ਪੀ.ਬੀ.03 ਬੀ.ਬੀ. 1363 'ਤੇ ਨਸ਼ਾ ਤਸਕਰ ਨੰੂ ਕਾਬੂ ਕਰਨ ਆਏ ਸਨ ਤਾਂ ਉਸ ਦੇ ਸਮਰਥਕਾਂ ਵਲੋਂ ਉਨ੍ਹਾਂ ਦੀ ਗੱਡੀ ਵੀ ਤੋੜ ਦਿੱਤੀ ਗਈ | ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਥਾਣਾ ਡਵੀਜ਼ਨ ਨੰਬਰ-2 ਐਸ. ਐਚ. ਓ. ਮਨਦੀਪ ਸਲਗੋਤਰਾ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ | ਫਿਲਹਾਲ ਪੁਲਿਸ ਵਲੋਂ ਮੁੱਖ ਦੋਸ਼ੀ ਸੁਖਬੀਰ ਸਿੰਘ ਉਰਫ਼ ਦੀਪੂ ਅਤੇ ਸੇਠੀ ਦੋਨੋਂ ਨਿਵਾਸੀ ਮੁਹੱਲਾ ਰਾਮਪੁਰਾ ਸਮੇਤ 7 ਤੋਂ 8 ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |