ਬਮਿਆਲ, 2 ਜੂਨ (ਰਕੇਸ਼ ਸ਼ਰਮਾ)-ਅੱਜ ਬਮਿਆਲ ਅਧੀਨ ਆਉਂਦੇ ਪਿੰਡ ਪਲਾਹ ਦੇ ਨਜ਼ਦੀਕ ਸੜਕ ਕਿਨਾਰੇ ਇਕ 22 ਸਾਲ ਦੇ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਆਪਣੇ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਹਿਚਾਣ ਚਰਨਜੀਤ ਸਿੰਘ ਉਰਫ਼ ਚੰਨਾ (22) ਪੁੱਤਰ ਕੁਲਵੰਤ ਸਿੰਘ ਵਾਸੀ ਸਿੰਬਲ ਸਕੋਲ ਵਜੋਂ ਹੋਈ ਹੈ | ਮਿ੍ਤਕ ਦੀ ਭੈਣ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਕੱਲ੍ਹ ਹੀ ਗੁਜਰਾਤ ਤੋਂ ਵਾਪਸ ਪਰਤਿਆ ਸੀ ਅਤੇ ਸ਼ਾਮ ਨੂੰ 7 ਵਜੇ ਆਪਣੇ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ | ਉਸ ਤੋਂ ਬਾਅਦ ਪਰਿਵਾਰ ਵਲੋਂ ਬਾਰ-ਬਾਰ ਫੋਨ ਮਿਲਾਉਣ 'ਤੇ ਉਸ ਦਾ ਫੋਨ ਨਹੀਂ ਮਿਲ ਰਿਹਾ ਸੀ ਅਤੇ ਸਵੇਰੇ ਉਸ ਦੀ ਲਾਸ਼ ਸਰਹੱਦੀ ਪਿੰਡ ਪਲਾਹ ਦੇ ਨਜ਼ਦੀਕ ਸੜਕ ਕਿਨਾਰੇ ਪਿੰਡ ਦੇ ਕਿਸੇ ਵਿਅਕਤੀ ਨੇ ਦੇਖੀ | ਜਿਸ ਵਲੋਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ | ਮਿ੍ਤਕ ਦੇ ਪਿਤਾ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਮਿ੍ਤਕ ਦੇ ਸਰੀਰ 'ਤੇ ਲਹੂ ਦੇ ਨਿਸ਼ਾਨ ਹਨ ਅਤੇ ਉਸ ਦੇ ਕੰਨਾਂ ਵਿਚੋਂ ਪਾਈਆਂ ਹੋਈਆਂ ਮੁੰਦਰਾਂ ਉਤਾਰ ਲਈਆਂ ਗਈਆਂ ਹਨ ਅਤੇ ਉਸ ਕੋਲ 20 ਹਜ਼ਾਰ ਦੇ ਕਰੀਬ ਕੈਸ਼ ਵੀ ਸੀ, ਜੋ ਕਿ ਇਸ ਮੌਕੇ ਉਸ ਕੋਲ ਨਹੀਂ ਹੈ | ਨਰੋਟ ਜੈਮਲ ਸਿੰਘ ਥਾਣੇ ਦੇ ਐਸ. ਐਚ. ਓ. ਵਿਜੇ ਕੁਮਾਰ ਵਲੋਂ ਮੌਕੇ 'ਤੇ ਪਹੁੰਚ ਕੇ ਮਿ੍ਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ | ਇਸ ਸਬੰਧੀ ਏ. ਐੱਸ. ਆਈ. ਬਮਿਆਲ ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿ੍ਤਕ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |