ਗੁਰਦਾਸਪੁਰ, 3 ਜੂਨ (ਅਸ਼ੋਕ ਸ਼ਰਮਾ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਅੰਦਰ ਚਲਦੇ ਸੁਵਿਧਾ ਕੇਂਦਰਾਂ ਵਿਚ ਤਾਇਨਾਤ ਫ਼ਰਦ ਮੁਲਾਜ਼ਮਾਂ ਵਲੋਂ ਦੋ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਅਤੇ ਮੰਗਾਂ ਨੰੂ ਲੈ ਕੇ ਕਲਮ ਛੋੜ ਹੜਤਾਲ ਕਰਕੇ ਕੰਮਕਾਜ ਠੱਪ ਰੱਖਿਆ ਗਿਆ | ਮੁਲਾਜ਼ਮ ਆਗੂਆਂ ਨੇ ਦੱਸਿਆ ਕਿ ਫ਼ਰਦ ਕੇਂਦਰਾਂ ਵਿਚ ਇੰਜੀਨੀਅਰ ਆਪ੍ਰੇਟਰ, ਜ਼ਿਲ੍ਹਾ ਮੈਨੇਜਰਾਂ ਦੇ ਕੰਮ 2007 ਤੋਂ ਕਰ ਰਹੇ ਹਨ ਅਤੇ ਇਸ ਵਿਚ ਫ਼ੀਲਡ ਮੁਲਾਜ਼ਮ ਵੀ ਸ਼ਾਮਿਲ ਹਨ , ਉਹ ਪਿਛਲੇ ਲੰਮੇ ਸਮੇਂ ਤੋਂ ਮਹਿਕਮੇ ਅੰਦਰ ਇਮਾਨਦਾਰੀ ਤੇ ਤਨਦੇਹੀ ਨਾਲ ਘੱਟ ਉਜ਼ਰਤਾਂ 'ਤੇ ਕੰਮ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਨਾਲ ਕੋਈ ਵੀ ਗੱਲ ਕਰਨ ਨੰੂ ਤਿਆਰ ਨਹੀਂ ਹੈ | ਜਿਸ ਕਰਕੇ ਉਨ੍ਹਾਂ ਨੰੂ ਕਲਮ ਛੋੜ ਹੜਤਾਲ ਕਰਨੀ ਪਈ ਹੈ | ਉਨ੍ਹਾਂ ਦੱਸਿਆ ਕਿ ਉਹ ਇਸੇ ਤਨਖ਼ਾਹ 'ਤੇ ਨਿਰਭਰ ਹਨ ਜਿਸ ਕਰਕੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋਇਆ ਪਿਆ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਫ਼ਰਦ ਕੇਂਦਰਾਂ ਦੇ ਸਮੂਹ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਉਨ੍ਹਾਂ ਦੀ ਤਨਖ਼ਾਹ ਫ਼ੌਰੀ ਤੌਰ 'ਤੇ ਖਾਤਿਆਂ ਵਿਚ ਪਾਈ ਜਾਵੇ | ਜਿਸ ਨਾਲ ਉਹ ਆਪਣੇ ਘਰਾਂ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚਲਾ ਸਕਣ |