ਬਟਾਲਾ, 3 ਜੂਨ (ਸਤਿੰਦਰ ਸਿੰਘ)-ਧੰਨ-ਧੰਨ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾਂ ਵਾਲਿਆਂ ਤੇ ਉਨ੍ਹਾਂ ਦੇ ਚਰਨ ਸੇਵਕ ਜਥੇਦਾਰ ਮੱਖਣ ਸਿੰਘ ਸ਼ਹੀਦ ਖੋਖਰ ਫ਼ੌਜੀਆਂ ਵਾਲੇ ਦੇ ਸਾਂਝੇ ਬਰਸੀ ਸਮਾਗਮ ਗੁਰਦੁਆਰਾ ਬੋਹੜੀ ਸਾਹਿਬ ਛੋਟੇ ਘੁੰਮਣ ਅਤੇ ਗੁਰਦੁਆਰਾ ਅੰਗੀਠਾ ਸਾਹਿਬ (ਗੁਰਦੁਆਰਾ ਸ਼ਹੀਦਾਂ ਸਾਹਿਬ) ਨੈਸ਼ਨਲ ਹਾਈਵੇ ਗੁਰਦਾਸਪੁਰ ਅੱਡਾ ਉਧੋਵਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ | ਬਰਸੀ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਸ਼ਿਵ ਮੁੱਖ ਸੇਵਾਦਾਰ ਗੁਰਦੁਆਰਾ ਬੋਹੜੀ ਸਾਹਿਬ ਛੋਟੇ ਘੁੰਮਣਾਂ ਵਾਲਿਆਂ ਨੇ ਦੱਸਿਆ ਕਿ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ ਵਾਲੇ ਅਤੇ ਉਨ੍ਹਾਂ ਦੇ ਚਰਨ ਸੇਵਕ ਜਥੇਦਾਰ ਮੱਖਣ ਸਿੰਘ ਸ਼ਹੀਦ ਦੇ ਸਾਂਝੇ ਬਰਸੀ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ ਜੋ ਗੁਰਦੁਆਰਾ ਬੋਹੜੀ ਸਾਹਿਬ ਵਿਖੇ 9 ਜੂਨ ਨੂੰ ਕਰਵਾਇਆ ਜਾਵੇਗਾ | 7 ਜੂਨ ਨੂੰ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ, ਜਿਨਾਂ ਦੇ ਭੋਗ 9 ਜੂਨ ਨੂੰ ਪੈਣਗੇ ਉਪਰੰਤ ਖੁੱਲੇ੍ਹ ਪੰਡਾਲ ਵਿਚ ਦੀਵਾਨ ਸਜਾਏ ਜਾਣਗੇ ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕੀਰਤਨੀਆਂ ਤੋਂ ਇਲਾਵਾ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ | ਬਰਸੀ ਸਮਾਗਮਾਂ ਸਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ | ਗੁਰਦੁਆਰਾ ਬੋਹੜੀ ਸਾਹਿਬ ਵਿਖੇ 9 ਜੂਨ ਨੂੰ ਬਰਸੀ ਸਮਾਗਮ ਮਨਾਉਣ ਉਪਰੰਤ 15 ਜੂਨ ਨੂੰ ਗੁਰਦੁਆਰਾ ਅੰਗੀਠਾ ਸਾਹਿਬ (ਗੁਰਦੁਆਰਾ ਸ਼ਹੀਦਾਂ ਸਾਹਿਬ) ਨੈਸ਼ਨਲ ਹਾਈਵੇ ਗੁਰਦਾਸਪੁਰ ਅੱਡਾ ਉਧੋਵਾਲ ਵਿਖੇ ਵੀ ਸਾਂਝੇ ਬਰਸੀ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਜਾਣਗੇ |