ਪਠਾਨਕੋਟ, 3 ਜੂਨ (ਸੰਧੂ)-ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਸ਼ਹੀਦ ਹੋਣ ਵਾਲੇ ਬਹਾਦਰ ਸੈਨਿਕਾਂ ਦੀ ਕਤਾਰ ਵਿਚ ਚਾਰ ਸਾਲ ਪਹਿਲਾਂ ਇੱਕ ਹੋਰ ਨਾਮ ਜੁੜ ਗਿਆ ਸੀ ਜਦੋਂ ਫ਼ੌਜ ਦੀ 19 ਡੋਗਰਾ ਯੂਨਿਟ ਦੇ ਸਿਪਾਹੀ ਅਰੁਣ ਸਿੰਘ ਨੇ ਜੰਮੂ-ਕਸ਼ਮੀਰ ਦੇ ਸ਼ੋਪੀਆਂ ਸੈਕਟਰ ਵਿਚ ਪਾਕਿਸਤਾਨ-ਸਿਖਲਾਈ ਪ੍ਰਾਪਤ ਅੱਤਵਾਦੀਆਂ ਵਿਰੁੱਧ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਸ਼ਹੀਦਾਂ ਦੀ ਸੂਚੀ ਵਿਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਲਿਆ | ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਇਸ ਬਹਾਦਰ ਯੋਧੇ ਦੇ ਜੀਵਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਪਾਹੀ ਅਰੁਣ ਸਿੰਘ ਦਾ ਜਨਮ 3 ਦਸੰਬਰ 1995 ਨੂੰ ਪਿੰਡ ਘੋਹ ਵਿਖੇ ਮਾਂ ਕਾਂਤਾ ਦੇਵੀ ਅਤੇ ਪਿਤਾ ਨੇਕ ਰਾਮ ਦੇ ਘਰ ਹੋਇਆ ਸੀ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੋਹ ਤੋਂ 10ਵੀਂ ਜਮਾਤ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਤੋਂ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ 13 ਜੂਨ 2016 ਨੂੰ ਉਹ ਫ਼ੌਜ ਦੀ 19 ਡੋਗਰਾ ਯੂਨਿਟ ਵਿਚ ਸ਼ਾਮਿਲ ਹੋਇਆ ਅਤੇ ਦੇਸ਼ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ | ਆਪਣੀ ਪੰਜ ਸਾਲਾਂ ਦੀ ਸੇਵਾ ਮਿਆਦ ਦੌਰਾਨ ਅਰੁਣ ਜ਼ਿਆਦਾਤਰ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ ਵਿਚ ਰਿਹਾ | 4 ਜੂਨ 2021 ਨੂੰ ਜਦੋਂ ਉਸ ਦੀ ਯੂਨਿਟ ਜੰਮੂ-ਕਸ਼ਮੀਰ ਦੇ ਸ਼ੋਪੀਆਂ ਸੈਕਟਰ ਵਿਚ ਤਾਇਨਾਤ ਸੀ, ਤਾਂ ਉਸ ਨੂੰ ਜੰਗਲ ਵਿਚ ਲੁਕੇ ਅੱਤਵਾਦੀਆਂ ਬਾਰੇ ਜਾਣਕਾਰੀ ਮਿਲੀ | ਸਿਪਾਹੀ ਅਰੁਣ ਸਿੰਘ ਆਪਣੇ ਸਾਥੀ ਸੈਨਿਕਾਂ ਦੇ ਨਾਲ ਅੱਤਵਾਦੀਆਂ ਦੀ ਭਾਲ ਲਈ ਇਕ ਤਲਾਸ਼ੀ ਮੁਹਿੰਮ 'ਤੇ ਨਿਕਲਿਆ, ਅੱਤਵਾਦੀਆਂ ਨੇ ਫ਼ੌਜੀ ਟੀਮ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਸਿਪਾਹੀ ਅਰੁਣ ਸਿੰਘ ਨੇ ਵੀ ਆਪਣੇ ਸਾਥੀਆਂ ਨਾਲ ਇਸ ਹਮਲੇ ਦਾ ਢੁੱਕਵਾਂ ਜਵਾਬ ਦਿੱਤਾ | ਇਸ ਦੌਰਾਨ ਅੱਤਵਾਦੀਆਂ ਦੁਆਰਾ ਚਲਾਈ ਗਈ ਇਕ ਗੋਲੀ ਉਸ ਨੂੰ ਵੱਜੀ ਤੇ 26 ਸਾਲ ਦੀ ਛੋਟੀ ਉਮਰ ਵਿਚ ਸ਼ਹਾਦਤ ਪ੍ਰਾਪਤ ਕੀਤੀ | ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਇਸ ਬਹਾਦਰ ਸਿਪਾਹੀ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਲਈ 4 ਜੂਨ ਨੂੰ ਪਿੰਡ ਘੋਹ ਦੇ ਇਸ ਅਮਰ ਯੋਧੇ ਦੇ ਨਾਮ 'ਤੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ | ਜਿਸ ਵਿਚ ਬਹੁਤ ਸਾਰੇ ਪਤਵੰਤੇ ਅਤੇ ਫ਼ੌਜੀ ਅਧਿਕਾਰੀ ਹਿੱਸਾ ਲੈਣਗੇ ਅਤੇ ਇਸ ਬਹਾਦਰ ਯੋਧੇ ਨੂੰ ਸ਼ਰਧਾਂਜਲੀ ਭੇਟ ਕਰਨਗੇ |