ਗੁਰਦਾਸਪੁਰ, 4 ਜੂਨ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਚੇਚੀਆਂ ਛੋੜੀਆਂ ਦਾ ਨੌਜਵਾਨ ਜੋ ਬੀਤੇ ਦਿਨ ਦਰਿਆ ਬਿਆਸ 'ਚ ਤੇਜ਼ ਪਾਣੀ ਦੇ ਵਹਾਅ ਕਾਰਨ ਡੁੱਬ ਗਿਆ ਸੀ, ਦੀ ਅੱਜ ਤੀਜੇ ਦਿਨ ਦਰਿਆ ਵਿਚੋਂ ਤੈਰਦੀ ਹੋਈ ਲਾਸ਼ ਪਰਿਵਾਰਿਕ ਮੈਂਬਰਾਂ ਨੰੂ ਮਿਲੀ ਹੈ | ਜਦੋਂ ਮਿ੍ਤਕ ਦੀ ਲਾਸ਼ ਪਿੰਡ ਲਿਆਂਦੀ ਗਈ ਤਾਂ ਪਰਿਵਾਰਿਕ ਮੈਂਬਰਾਂ ਦਾ ਵਿਰਲਾਪ ਦੇਖ ਕੇ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ ਸਨ | ਮਿ੍ਤਕ ਆਪਣੇ ਪਿਛਲੇ ਮਾਤਾ-ਪਿਤਾ, ਵਿਧਵਾ ਪਤਨੀ ਤੇ ਇਕ ਬੇਟੀ ਛੱਡ ਗਿਆ ਹੈ | ਮਿ੍ਤਕ ਦੇ ਪਿਤਾ ਨਰਿੰਦਰ ਸਿੰਘ ਨੇ ਮਾਈਨਿੰਗ ਵਿਭਾਗ 'ਤੇ ਦੋਸ਼ ਲਗਾਇਆ ਕਿ ਇਨ੍ਹਾਂ ਦੀ ਕਥਿਤ ਮਿਲੀਭੁਗਤ ਨਾਲ ਇਲਾਕੇ ਅੰਦਰ ਕਰੈਸ਼ਰ ਚੱਲ ਰਹੇ ਹਨ ਅਤੇ ਰਾਤੋ ਰਾਤ ਦਰਿਆ ਬਿਆਸ ਵਿਚੋਂ ਡੂੰਘੀ ਮਾਈਨਿੰਗ ਕਰਦੇ ਹਨ, ਜਿਸ ਨਾਲ ਦਰਿਆ ਵਿਚ 20-25 ਫੁੱਟ ਟੋਏ ਪੈ ਜਾਂਦੇ ਹਨ | ਉਨ੍ਹਾਂ ਕਿਹਾ ਕਿ ਕਰੈਸ਼ਰ ਵਾਲਿਆਂ ਰਾਤ ਵੇਲੇ ਉਸ ਰਸਤੇ ਵਿਚ ਮਾਈਨਿੰਗ ਕੀਤੀ ਹੋਈ ਹੋਣ ਕਾਰਨ ਤੇਜ਼ ਪਾਣੀ ਦੇ ਵਹਾਅ ਵਿਚ ਆਉਣ ਕਰਕੇ ਉਨ੍ਹਾਂ ਦਾ ਪੁੱਤਰ ਰੁੜਿ੍ਹਆ ਹੈ | ਇਲਾਕੇ ਦੇ ਪੰਚਾਂ, ਸਰਪੰਚਾਂ ਨੇ ਡੀ. ਸੀ. ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪਿੰਡ ਚੇਚੀਆਂ ਛੋੜੀਆਂ ਨੇੜੇ ਹੋ ਰਹੀ ਮਾਈਨਿੰਗ ਬੰਦ ਕਰਵਾਈ ਜਾਵੇ ਨਹੀਂ ਤਾਂ ਇਲਾਕੇ ਦੇ ਲੋਕ ਸੰਘਰਸ਼ ਕਰਨਗੇ |