ਘਰੋਟਾ, 2 ਸਤੰਬਰ (ਸੰਜੀਵ ਗੁਪਤਾ)-ਘਰੋਟਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ, ਜੋ ਮਨੀਮਹੇਸ਼ ਯਾਤਰਾ 'ਤੇ ਗਏ ਸਨ, 70 ਕਿੱਲੋਮੀਟਰ ਪੈਦਲ ਚੱਲਣ ਤੋਂ ਬਾਅਦ ਸੁਰੱਖਿਅਤ ਘਰ ਪਹੁੰਚਣ ਵਿਚ ਕਾਮਯਾਬ ਹੋ ਗਏ | ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਵਾਰ ਆਪਣੇ 3 ਹੋਰ ਸਾਥੀਆਂ ਨਾਲ ਮੋਟਰਸਾਈਕਲ 'ਤੇ ਭਰਮੌਰ ਪਹੁੰਚੇ ਸਨ | ਉਹ 2 ਮੋਟਰਸਾਈਕਲ 'ਤੇ 4 ਜਣੇ ਗਏ ਸਨ | ਜਾਨ ਹਥੇਲੀ 'ਤੇ ਰੱਖ ਕੇ ਉਹ 9ਵੇਂ ਦਿਨ ਘਰ ਪਰਤੇ ਹਨ | ਬਲਵਿੰਦਰ ਨੇ ਕਿਹਾ ਕਿ ਮੋਟਰਸਾਈਕਲ 'ਤੇ ਘਰੋਂ ਗਏ ਸਨ | ਅਗਲੇ ਦਿਨ ਉਹ ਦਰਸ਼ਨ ਤੇ ਇਸ਼ਨਾਨ ਕਰਨ ਉਪਰੰਤ ਪਰਤ ਰਹੇ ਸਨ ਕਿ ਭਾਰੀ ਮੀਂਹ ਕਾਰਨ ਪਹਾੜ ਡਿੱਗਣ ਤੇ ਰਸਤੇ ਤਹਿਸ ਨਹਿਸ਼ ਹੋ ਗਏ | ਇਸ ਦੌਰਾਨ ਉਹ ਰਸਤੇ 'ਚ ਤਿੰਨ ਦਿਨ ਫਸੇ ਰਹੇ | ਉੱਥੇ ਰਹਿਣ ਤੇ ਖਾਣ ਪੀਣ ਦੀ ਸਮਗਰੀ ਦੇ ਮੰੂਹ ਮੰਗੇ ਰੇਟ ਦੇ ਕੇ ਗੁਜ਼ਾਰਾ ਕਰਨ ਨੂੰ ਮਜਬੂਰ ਹੋਣਾ ਪਿਆ | ਹਾਲਾਤ ਇੰਨ੍ਹੇ ਖ਼ਰਾਬ ਸਨ ਕਿ ਐਨ.ਡੀ.ਆਰ.ਐਫ਼. ਦੀ ਟੀਮ ਦੀ ਜੱਦੋ ਜਹਿਦ ਤੇ ਰੱਸਿਆਂ ਦੀ ਸਹਾਇਤਾ ਨਾਲ 3 ਦਿਨਾਂ ਉਪਰੰਤ ਹੇਠਾਂ ਉੱਤਰੇ | ਬਲਵਿੰਦਰ ਨੇ ਕਿਹਾ ਕਿ ਭਰਮੌਰ ਵਿਖੇ ਮੋਟਰਸਾਈਕਲ ਉੱਥੇ ਲਗਾ ਕੇ ਉਨ੍ਹਾਂ ਨੂੰ ਪਰਤਣਾ ਪਿਆ | ਰਸਤੇ ਖ਼ਰਾਬ 'ਤੇ ਪਹਾੜ ਡਿੱਗਣ ਕਾਰਨ ਉਹ 70 ਕਿੱਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਚੰਬੇ ਵੱਲ ਗਿਆ | ਫਿਰ ਟੈਕਸੀ 'ਤੇ ਬੱਸ ਰਾਹੀਂ ਘਰ ਪੁੱਜੇ | ਉਨ੍ਹਾਂ ਕਿਹਾ ਕਿ ਇਸ ਵਾਰ ਯਾਤਰਾ ਬਹੁਤ ਦਰਦ ਭਰੀ ਤੇ ਨਾ ਭੁੱਲਣਯੋਗ ਰਹੀ ਹੈ | ਬਲਵਿੰਦਰ ਨੇ ਕਿਹਾ ਕਿ ਇੰਟਰਨੈੱਟ ਸਿਸਟਮ ਬੰਦ ਰਹਿਣ ਕਾਰਨ ਪਰਿਵਾਰ ਨਾਲ ਸੰਪਰਕ ਵੀ ਕੱਟਿਆ ਰਿਹਾ | ਜਿਸ ਨਾਲ ਪਰਿਵਾਰ ਵੀ ਚਿੰਤਤ ਰਿਹਾ |