ਗੁਰਦਾਸਪੁਰ, 2 ਸਤੰਬਰ (ਚੱਕਰਾਜਾ)-ਪਿੰਡ ਤਿੱਬੜੀ ਵਿਖੇ ਪਾਸਟਰ ਮਨੋਹਰੀ ਅਤੇ ਪ੍ਰਧਾਨ ਸੁੱਖਾ ਮਸੀਹ ਦੀ ਪ੍ਰਧਾਨਗੀ ਹੇਠ ਮਸੀਹ ਭਾਈਚਾਰੇ ਦੀ ਮੀਟਿੰਗ ਹੋਈ | ਜਿਸ ਵਿਚ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂ ਸ਼ਾਮਿਲ ਹੋਏ | ਇਸ ਮੌਕੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਮੁਨੱਵਰ ਮਸੀਹ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ, ਜਿਨ੍ਹਾਂ ਨੇ ਸਤੰਬਰ ਮਹੀਨੇ ਮਨਾਏ ਜਾ ਰਹੇ ਸਾਂਝਾ ਮਸੀਹ ਸੰਮੇਲਨ ਬਾਰੇ ਵਿਚਾਰਾਂ ਕੀਤੀਆਂ | ਉਨ੍ਹਾਂ ਕਿਹਾ ਕਿ ਜਿਹੜੇ ਆਪਣੇ ਆਪ ਨੰੂ ਨੀਵਾਂ ਬਣਾ ਲੈਂਦੇ ਹਨ, ਉਹ ਹਰ ਪੌੜੀ ਉੱਪਰ ਇਸ ਧਰਤੀ 'ਤੇ ਤਰੱਕੀ ਹਾਸਲ ਕਰਦੇ ਹਨ | ਉਨ੍ਹਾਂ ਕਿਹਾ ਕਿ ਪ੍ਰਮੇਸ਼ਵਰ ਦਾ ਵਚਨ ਵੀ ਇਹੀ ਸਿਖਾਉਂਦਾ ਹੈ ਕਿ ਅਸੀਂ ਆਪਣੇ ਆਪ ਨੰੂ ਨੀਵੇਂ ਬਣਾ ਕੇ ਦੂਜਿਆਂ ਦਾ ਸਤਿਕਾਰ ਕਰਨਾ ਸਿੱਖੀਏ | ਉਨ੍ਹਾਂ ਕਿਹਾ ਕਿ ਬੇਸ਼ੱਕ ਭਾਈਚਾਰੇ ਦੇ ਆਗੂ ਵੱਖ-ਵੱਖ ਥਾਵਾਂ 'ਤੇ ਹਨ | ਪਰ ਜਦੋਂ ਰਾਜਨੀਤਿਕ ਤੌਰ 'ਤੇ ਇਕੱਠੇ ਹੋਣ ਦੀ ਲੋੜ ਪੈਂਦੀ ਹੈ ਤਾਂ ਉਸ ਸਮੇਂ ਅਸੀਂ ਇਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਹਨ | ਇਸ ਲਈ ਚਾਹੀਦਾ ਹੈ ਕਿ ਅਸੀਂ ਇਕ ਪਲੇਟਫ਼ਾਰਮ 'ਤੇ ਇਕੱਠੇ ਹੋ ਕੇ ਆਪਣੀ ਆਵਾਜ਼ ਨੰੂ ਪ੍ਰਮੇਸ਼ਵਰ ਸਾਹਮਣੇ ਇਕ ਕਰੀਏ | ਉਨ੍ਹਾਂ ਕਿਹਾ ਕਿ ਰਾਜਨੀਤਿਕ ਸੋਚ ਤੋਂ ਉੱਪਰ ਉੱਠ ਕੇ ਸਾਰਿਆਂ ਨੰੂ ਇਕ ਪਲੇਟਫ਼ਾਰਮ 'ਤੇ ਇਕੱਠਾ ਹੋਣਾ ਚਾਹੀਦਾ ਹੈ | ਮੁਨੱਵਰ ਮਸੀਹ ਨੇ 15 ਸਤੰਬਰ ਤੋਂ 18 ਸਤੰਬਰ ਤੱਕ ਬਿਧੀਪੁਰ ਗਰਾਉਂਡ ਧਾਰੀਵਾਲ ਵਿਖੇ ਕਰਵਾਏ ਜਾ ਰਹੇ ਸਾਂਝਾ ਮਸੀਹ ਸੰਮੇਲਨ 'ਚ ਸ਼ਾਮਿਲ ਹੋ ਕੇ ਪੰਜਾਬ ਦੀ ਏਕਤਾ ਤੇ ਖ਼ੁਸ਼ਹਾਲੀ ਦੀ ਉੱਨਤੀ ਲਈ ਆਪਣੇ ਕਦਮ ਅੱਗੇ ਵਧਾਉਣ ਦੀ ਅਪੀਲ ਕੀਤੀ |