ਪਠਾਨਕੋਟ, 2 ਸਤੰਬਰ (ਵਿਨੋਦ)-ਸੋਮਵਾਰ ਨੂੰ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪਠਾਨਕੋਟ ਦੀ ਹੱਦ 'ਚ ਪੈਂਦੇ ਚੱਕੀ ਖੱਡ ਵਿਚ ਮਾਈਨਿੰਗ 'ਤੇ ਛਾਪਾ ਮਾਰਿਆ ਤੇ 6 ਟਰਾਲੀਆਂ ਜ਼ਬਤ ਕਰ ਲਈਆਂ | ਇਸ ਮਾਮਲੇ 'ਚ ਪੰਜਾਬ ਦੇ ਮਾਈਨਿੰਗ ਵਿਭਾਗ ਦੀ ਕਾਰਵਾਈ ਦੇਖ ਕੇ ਮਾਫ਼ੀਆ ਭੜਕ ਗਿਆ ਤੇ ਉੱਥੇ ਆਪਣੀ ਗੁੰਡਾਗਰਦੀ ਦਿਖਾਉਣ ਲੱਗ ਪਿਆ | ਹਾਲਾਂਕਿ ਮਾਈਨਿੰਗ ਵਿਭਾਗ ਦੇ ਨਾਲ-ਨਾਲ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਵੀ ਮੌਕੇ 'ਤੇ ਮੌਜੂਦ ਸੀ | ਪਰ ਮਾਫ਼ੀਆ ਪੁਲਿਸ ਤੋਂ ਵੀ ਨਹੀਂ ਡਰਿਆ | ਇਸ ਦੌਰਾਨ ਹਿਮਾਚਲ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਦੋਵਾਂ ਰਾਜਾਂ ਦੀ ਪੁਲਿਸ ਨੇ ਮੌਕੇ ਤੋਂ ਆਪਣੇ-ਆਪਣੇ ਹਿੱਸਿਆਂ 'ਚ ਆ ਰਹੀਆਂ ਟਰਾਲੀਆਂ ਨੂੰ ਜ਼ਬਤ ਕਰ ਲਿਆ | ਸੋਮਵਾਰ ਸਵੇਰੇ ਲੋਕਾਂ ਤੋਂ ਗੈਰ-ਕਾਨੂੰਨੀ ਮਾਈਨਿੰਗ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੰਜਾਬ ਦੇ ਮਾਈਨਿੰਗ ਵਿਭਾਗ ਦੇ ਐਸ.ਡੀ.ਓ. ਬਿਪਨਦੀਪ ਸਿੰਘ ਤੇ ਉਨ੍ਹਾਂ ਦੇ ਹੋਰ ਅਧਿਕਾਰੀ ਤੇ ਪੁਲਿਸ ਮੌਕੇ 'ਤੇ ਪਹੁੰਚੇ, ਜਦੋਂ ਉਨ੍ਹਾਂ ਨੂੰ 6 ਟਰੈਕਟਰ ਗੈਰ-ਕਾਨੂੰਨੀ ਮਾਈਨਿੰਗ ਕਰਦੇ ਮਿਲੇ ਤਾਂ ਉਨ੍ਹਾਂ ਕਿਹਾ ਕਿ 6 ਟਰਾਲੀਆਂ ਜ਼ਬਤ ਕੀਤੀਆਂ ਜਾ ਰਹੀਆਂ ਹਨ ਤੇ ਪਠਾਨਕੋਟ ਦੇ ਡਵੀਜ਼ਨ ਨੰਬਰ-2 ਵਿਚ ਭੇਜੀਆਂ ਜਾ ਰਹੀਆਂ ਹਨ | ਪਰ ਲੋਕਾਂ ਦੇ ਦਬਾਅ ਕਾਰਨ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਜ਼ਮੀਨ ਹਿਮਾਚਲ ਵਿਚ ਪੈਂਦੀ ਹੈ | ਇੱਥੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਹਨ ਤੇ ਕਾਫ਼ੀ ਸਮੇਂ ਬਾਅਦ ਹਿਮਾਚਲ ਪੁਲਿਸ ਡਮਟਾਲ ਦੇ ਅਧਿਕਾਰੀ ਵੀ ਉੱਥੇ ਪਹੁੰਚੇ ਤੇ ਦੋਵਾਂ ਵਿਭਾਗਾਂ ਵਿਚਕਾਰ ਆਪਸੀ ਗੱਲਬਾਤ ਦੌਰਾਨ ਪਤਾ ਲੱਗਾ ਕਿ ਹਿਮਾਚਲ ਦੇ ਡਮਟਾਲ ਥਾਣੇ ਵਿਚ ਗੈਰ-ਕਾਨੂੰਨੀ ਮਾਈਨਿੰਗ ਸਮੱਗਰੀ ਨਾਲ ਲੱਦੇ ਚਾਰ ਟਰੈਕਟਰਾਂ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ ਤੇ ਪੰਜਾਬ ਮਾਈਨਿੰਗ ਵਿਭਾਗ ਵਲੋਂ ਦੋ ਵਿਰੁੱਧ ਗੈਰ-ਕਾਨੂੰਨੀ ਮਾਈਨਿੰਗ ਲਈ ਕਾਰਵਾਈ ਕੀਤੀ ਜਾਵੇਗੀ | ਪਰ ਇਹ ਵਿਵਾਦ ਇੰਨ੍ਹਾ ਵੱਧ ਗਿਆ ਕਿ ਸਥਾਨਕ ਲੋਕ ਵੀ ਇਕੱਠੇ ਹੋ ਗਏ ਤੇ ਕਹਿਣ ਲੱਗੇ ਕਿ ਸਾਰਿਆਂ ਦਾ ਚਲਾਨ ਪੰਜਾਬ ਜਾਂ ਹਿਮਾਚਲ ਵਿਚ ਜਾਰੀ ਕੀਤਾ ਜਾਵੇ | ਕਾਫ਼ੀ ਸਮੇਂ ਬਾਅਦ ਸ਼ਾਮ 5 ਵਜੇ ਦੇ ਕਰੀਬ, ਮਾਈਨਿੰਗ ਮਾਫ਼ੀਆ ਦੋ ਟਰੈਕਟਰਾਂ ਨੂੰ ਭਜਾਉਣ ਵਿਚ ਸਫਲ ਹੋ ਗਿਆ | ਜਿਸ ਵਿਰੁੱਧ ਪੰਜਾਬ ਮਾਈਨਿੰਗ ਵਿਭਾਗ ਵਲੋਂ ਕੇਸ ਦਰਜ ਕੀਤਾ ਗਿਆ ਸੀ | ਮਾਈਨਿੰਗ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਜੇ.ਈ. ਆਕਾਸ਼ ਸ਼ਰਮਾ ਨਾਲ ਮਾਈਨਿੰਗ ਸਮਗਰੀ ਨਾਲ ਭਰੀਆਂ ਟਰਾਲੀਆਂ ਲੈਣ ਲਈ ਉੱਥੇ ਪਹੁੰਚੇ ਤਾਂ ਮਾਫ਼ੀਆ ਦੇ ਲੋਕਾਂ ਅਤੇ ਉੱਥੇ ਮੌਜੂਦ ਹੋਰ ਲੋਕਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਤੇ ਦੁਰਵਿਵਹਾਰ ਕੀਤਾ | ਅਜਿਹੀ ਸਥਿਤੀ ਵਿਚ ਜੇ.ਈ. ਆਕਾਸ਼ ਸ਼ਰਮਾ ਨੇ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਤੇ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ-2 ਨੂੰ ਕਾਰਵਾਈ ਸੰਬੰਧੀ ਇਕ ਵੱਖਰੀ ਸ਼ਿਕਾਇਤ ਦਰਜ ਕਰਵਾਈ ਹੈ | ਇਸ ਦੌਰਾਨ ਐਸ.ਐਚ.ਓ. ਮਨਦੀਪ ਸਲਗੋਤਰਾ ਨੇ ਕਿਹਾ ਕਿ ਮਾਈਨਿੰਗ ਵਿਭਾਗ ਦੇ ਜੇ.ਈ. ਆਕਾਸ਼ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜੋ ਵੀ ਜਾਂਚ ਵਿਚ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਢੱੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |