ਬਟਾਲਾ, 2 ਸਤੰਬਰ (ਸਤਿੰਦਰ ਸਿੰਘ)-ਜ਼ੋਨ ਪੀਟਰ ਬਟਾਲਾ ਨੇ ਪੰਜਾਬ ਵਿਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਆਏ ਹੜ੍ਹਾਂ ਦੀ ਸਥਿਤੀ 'ਚ ਮਜ਼ਦੂਰ ਵਰਗ ਦੀ ਸਹਾਇਤਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਸਹਾਇਤਾ ਦੀ ਗੁਹਾਰ ਲਗਾਈ ਹੈ | ਜ਼ੋਨ ਪੀਟਰ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਦੌਰਾਨ ਆਮ ਲੋਕਾਂ ਦਾ ਜਿੱਥੇ ਜਿਊਣਾ ਮੁਹਾਲ ਹੋਇਆ ਹੈ, ਉਥੇ ਘਰੇਲੂ ਸਾਮਾਨ ਤੇਲ ਤੇ ਸਬਜ਼ੀਆਂ ਦੇ ਮੁੱਲ ਅਸਮਾਨੀ ਚੜ੍ਹੇ ਹੋਏ ਹਨ | ਉਨ੍ਹਾਂ ਕਿਹਾ ਕਿ ਹੜ੍ਹਾਂ ਵਾਲੇ ਖੇਤਰਾਂ 'ਚ ਸਾਮਾਜਿਕ, ਧਾਰਮਿਕ ਤੇ ਬਹੁਤ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਲੋਕਾਂ ਦੀ ਸਹਾਇਤਾ ਕਰ ਰਹੇ ਹਨ, ਪਰ ਜਿੱਥੇ ਕੇਵਲ ਮੀਂਹ ਪੈ ਰਿਹਾ ਹੈ, ਉਥੇ ਮਜ਼ਦੂਰ ਜਮਾਤ ਜਿਨਾਂ 'ਚ ਦਿਹਾੜੀਦਾਰ, ਮਜ਼ਦੂਰ, ਰਿਕਸ਼ਾ ਚਾਲਕ, ਰੇਹੜੀ-ਫੜ੍ਹੀ ਵਾਲਿਆਂ ਆਦਿ ਦੀ ਹਾਲਤ ਬਹੁਤ ਤਰਸਯੋਗ ਬਣੀ ਪਈ ਹੈ | ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਦੀ ਤੁਰੰਤ ਸਹਾਇਤਾ ਕੀਤੀ ਜਾਵੇ |