ਗੁਰਦਾਸਪੁਰ, 2 ਸਤੰਬਰ (ਅਸ਼ੋਕ ਸ਼ਰਮਾ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਦਰਿਆ ਰਾਵੀ ਦੇ ਆਏ ਹੜ੍ਹਾਂ ਤੋਂ ਲੋਕਾਂ ਨੰੂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਿਨ ਰਾਤ ਲੱਗਾ ਹੋਇਆ ਹੈ | ਜਦੋਂ ਕਿ ਹੜ੍ਹ ਆਉਣ ਤੋਂ ਪਹਿਲਾਂ ਜਿਥੇ ਲੋਕਾਂ ਨੰੂ ਚੌਕਸ ਕਰਦੇ ਹੋਏ ਨੀਵੇਂ ਇਲਾਕਿਆਂ 'ਚੋਂ ਬਾਹਰ ਕੱਢਿਆ ਗਿਆ, ਉੱਥੇ ਹੜ੍ਹਾਂ ਦੌਰਾਨ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਹੜ੍ਹ ਦੇ ਪਾਣੀ 'ਚੋਂ ਲੋਕਾਂ ਨੰੂ ਸੁਰੱਖਿਆ ਬਾਹਰ ਕੱਢ ਕੇ ਲਿਆਂਦਾ | ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਹਤ ਕਾਰਜਾਂ 'ਚ ਕਿਸੇ ਕਿਸਮ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਤੇ ਮਕੌੜਾ ਪਤਨ ਵਿਖੇ ਰਾਵੀ ਦਰਿਆ ਤੋਂ ਪਾਰ ਦੇ ਪਿੰਡਾਂ ਦੇ ਵਸਨੀਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰਾਹਤ ਸਮਗਰੀ ਭੇਜੀ ਗਈ ਹੈ ਤੇ ਸਹਾਇਕ ਕਮਿਸ਼ਨਰ ਰੁਪਿੰਦਰਪਾਲ ਸਿੰਘ ਖ਼ੁਦ ਕਿਸ਼ਤੀ ਰਾਹੀਂ ਰਾਵੀ ਦਰਿਆ ਨੰੂ ਪਾਰ ਕਰਕੇ ਹੜ੍ਹ ਪ੍ਰਭਾਵਿਤ ਵਸਨੀਕਾਂ ਨੰੂ ਰਾਹਤ ਸਮੱਗਰੀ ਵੰਡ ਰਹੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਵੀ ਦਰਿਆ ਦੇ ਮਕੌੜਾ ਪਤਨ ਤੋਂ ਪਾਰ ਪਿੰਡਾਂ ਤੱਕ ਰਾਹਤ ਪਹੁੰਚਾਉਣ ਲਈ ਵਿਸ਼ੇਸ਼ ਵਾਹਨ ਏ.ਟੀ.ਓ.ਆਰ ਐਨ. 1200 ਮੰਗਵਾਏ ਹਨ | ਇਨ੍ਹਾਂ ਵਾਹਨਾਂ ਰਾਹੀਂ ਹੁਣ ਰਾਵੀ ਪਾਰ ਦੀ ਵਸੋਂ ਤੱਕ ਹਰ ਤਰ੍ਹਾਂ ਦੀ ਰਾਹਤ ਪਹੁੰਚਾਈ ਜਾ ਰਹੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾ ਨੇ ਸਾਂਝੇ ਆਪ੍ਰੇਸ਼ਨ ਰਾਹੀਂ 5581 ਵਿਅਕਤੀਆਂ ਨੰੂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚੋਂ ਸੁਰੱਖਿਅਤ ਬਾਹਰ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ ਹੈ | ਉਨ੍ਹਾਂ ਦੱਸਿਆ ਕਿ ਰਾਹਤ ਕਾਰਜਾਂ 'ਚ ਐਨ.ਡੀ.ਆਰ.ਐਫ ਦੀਆਂ 6 ਟੀਮਾਂ, ਬੀ.ਐਸ.ਐਫ.ਦੀ 1 ਟੀਮ ਤੇ ਭਾਰਤੀ ਫ਼ੌਜ ਦੀਆਂ 4 ਟੀਮਾਂ ਸਹਿਯੋਗ ਕਰ ਰਹੀਆਂ ਹਨ |