ਗੁਰਦਾਸਪੁਰ, 3 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਹੋ ਰਹੀ ਲਗਾਤਾਰ ਬੇਮੌਸਮੀ ਬਰਸਾਤ ਕਾਰਨ ਦਰਿਆ ਕੰਢੇ ਕਿਸਾਨਾਂ ਦੀ 10 ਹਜ਼ਾਰ ਏਕੜ ਤੋਂ ਵੱਧ ਫ਼ਸਲ ਮਰਨ ਕਿਨਾਰੇ ਹੈ | ਖ਼ਾਸ ਕਰਕੇ ਦਰਿਆ ਵਿਚਕਾਰ ਫ਼ਸਲਾਂ ਤਿੰਨ ਹਜ਼ਾਰ ਏਕੜ ਬੁਰੀ ਤਰ੍ਹਾਂ ਖ਼ਰਾਬ ਹੋ ਗਈਆਂ ਹਨ, ਜਿਸ ਨਾਲ ਕਿਸਾਨ ਕਾਫ਼ੀ ਚਿੰਤਤ ਹਨ | ਖੇਤਾਂ 'ਚ ਇਕ ਮਹੀਨੇ ਤੋਂ ਪਾਣੀ ਖੜ੍ਹਾ ਰਹਿਣ ਕਰਕੇ ਕਮਾਦ ਤੇ ਝੋਨੇ ਦੀਆਂ ਫ਼ਸਲਾਂ ਸੜ ਗਈਆਂ ਹਨ | ਜਦੋਂ ਕਿ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ ਹੈ ਤੇ ਕਿਸਾਨਾਂ ਨੇ ਖ਼ਰਾਬ ਹੋਈ ਫ਼ਸਲ ਲਈ ਯੋਗ ਮੁਆਵਜ਼ੇ ਦੀ ਮੰਗ ਕੀਤੀ ਹੇ | ਇਸ ਸਬੰਧੀ ਕਿਸਾਨ ਹਰਜਿੰਦਰ ਸਿੰਘ ਚੱਕੀਵਾਲਾ, ਬਲਕਾਰ ਸਿੰਘ ਸੇਖੋਂ, ਨੱਥਾ ਸਿੰਘ, ਦਲਬੀਰ ਸਿੰਘ, ਹਰਜੀਤ ਸਿੰਘ, ਮੱਖਣ ਸਿੰਘ, ਡਾ: ਬਲਕਾਰ ਸਿੰਘ ਟਾਂਡਾ, ਹਰਦੀਪ ਸਿੰਘ, ਸਤਪਾਲ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਨੇ ਦੱਸਿਆ ਕਿ ਇਸ ਵਾਰ ਹੋਈ ਬਰਸਾਤ ਨੇ ਜਿਥੇ ਫ਼ਸਲਾਂ ਦਾ ਉਜਾੜਾ ਕੀਤਾ ਹੈ, ਉੱਥੇ ਨੀਵੇਂ ਇਲਾਕਿਆਂ ਅੰਦਰ 5-5 ਫੁੱਟ ਪਾਣੀ ਫਿਰਨ ਨਾਲ ਲੋਕਾਂ ਦੇ ਘਰਾਂ ਤੇ ਪਸ਼ੂਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ | ਪਿੰਡ ਦਾਊਵਾਲ ਦੇ ਕਈ ਅਜਿਹੇ ਪਰਿਵਾਰ ਹਨ ਜੋ ਘਰ ਛੱਡ ਕੇ ਬਾਹਰ ਡੇਰੇ ਲਗਾਈ ਬੈਠੇ ਹਨ | ਉਨ੍ਹਾਂ ਦੱਸਿਆ ਕਿ ਗੱਦੀ ਨਾਲੇ ਦਾ ਪਾਣੀ ਅਵਾਰਾ ਫਿਰਨ ਨਾਲ ਲੋਕਾਂ ਤੇ ਕਿਸਾਨਾਂ ਦਾ ਜਿਊਣਾ ਦੁੱਭਰ ਕੀਤਾ ਹੈ | ਪਰ ਇਸ ਦੀ ਸਫ਼ਾਈ ਤੇ ਡੂੰਘਾਈ ਕਦੇ ਵੀ ਸਬੰਧਿਤ ਵਿਭਾਗ ਨੇ ਨਹੀਂ ਕਰਵਾਈ | ਉਨ੍ਹਾਂ ਦੱਸਿਆ ਕਿ ਪਹਿਲਾਂ ਮੁਕੇਰੀਆਂ ਗੁਰਦਾਸਪੁਰ ਦੀ ਸੜਕ ਦੇ ਦੋਵੇਂ ਪਾਸੇ ਡਰੇਨਜ਼ ਵਿਭਾਗ ਨੇ ਨਾਲਿਆਂ ਦੀ ਖੁਦਵਾਈ ਕਰਵਾਈ ਸੀ ਤੇ ਜਿਵੇਂ ਵਸੋ ਵਿਚ ਵਾਧਾ ਹੋਇਆ ਤਾਂ ਲੋਕ ਮਕਾਨ ਤੇ ਦੁਕਾਨਾਂ ਸੜਕ ਕੰਢੇ ਲੈ ਆਏ | ਜਿਸ ਕਰਕੇ ਨਾਲੇ ਬੰਦ ਹੋ ਗਏ ਤੇ ਨੀਵੇਂ ਇਲਾਕਿਆਂ ਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੋਇਆ, ਪਹਿਲਾਂ ਇਹ ਪਾਣੀ ਗੱਦੀ ਨਾਲੇ ਵਿਚ ਚਲਾ ਜਾਂਦਾ ਸੀ | ਜਿਸ ਕਰਕੇ ਕਿਸਾਨਾਂ ਤੇ ਜਨਤਾ ਨੰੂ ਕਾਫ਼ੀ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਮੇਂ ਸਮੇਂ ਦੀਆਂ ਸਰਕਾਰਾਂ ਦੇ ਧਿਆਨ ਹਿਤ ਲਿਆਂਦਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੰੂ ਵੀ ਲਿਖਤੀ ਦਰਖ਼ਾਸਤਾਂ ਦਿੱਤੀਆਂ | ਪਰ ਕਿਸੇ ਨੇ ਗ਼ੌਰ ਨਹੀਂ ਕੀਤੀ | ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ | ਉਕਤ ਕਿਸਾਨਾਂ ਨੇ ਮੁੱਖ ਮੰਤਰੀ ਪਾਸੋਂ ਮੰਗ ਕੀਤੀ ਕਿ ਬੇਟ ਇਲਾਕੇ ਦੇ ਨੀਵੇਂ ਪਿੰਡਾਂ ਦੇ ਪਾਣੀ ਦੇ ਨਿਕਾਸ ਲਈ ਪੈਕੇਜ ਜਾਰੀ ਕਰਕੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਤੇ ਫ਼ਸਲਾਂ ਦਾ ਢੁਕਵਾਂ ਮੁਆਵਜ਼ਾ ਜਾਰੀ ਕੀਤਾ ਜਾਵੇ, ਜਿਸ ਨਾਲ ਕਿਸਾਨਾਂ ਦੀ ਹਰੇਕ ਫ਼ਸਲ ਖ਼ਰਾਬ ਹੋਣ ਤੋਂ ਬਚ ਸਕੇ |