ਭੈਣੀ ਮੀਆਂ ਖਾਂ, 3 ਸਤੰਬਰ (ਜਸਬੀਰ ਸਿੰਘ ਬਾਜਵਾ)-ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੀ ਭਾਰੀ ਬਰਸਾਤ ਕਾਰਨ ਬੇਟ ਇਲਾਕੇ ਦੇ ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਜੀਂਦੜ ਵਿਖੇ 2 ਮਜ਼ਦੂਰਾਂ ਦੇ ਰਹਿਣ ਬਸੇਰੇ ਬਰਬਾਦ ਹੋ ਗਏ ਹਨ | ਇਸ ਸਬੰਧੀ ਪਿੰਡ ਜੀਂਦੜ ਦੇ ਸਰਪੰਚ ਜਬਰ ਸਿੰਘ ਤੇ ਪਿੰਡ ਪੱਤੀ ਜੀਂਦੜ ਦੇ ਸਰਪੰਚ ਪਰਮਜੀਤ ਸਿੰਘ ਨੇ ਦੱਸਿਆ ਕਿ ਮਜ਼ਦੂਰ ਕਰਨੈਲ ਸਿੰਘ ਪੁੱਤਰ ਦਰਸ਼ਨ ਸਿੰਘ ਤੇ ਅਵਤਾਰ ਸਿੰਘ ਪੁੱਤਰ ਜਸਬੀਰ ਸਿੰਘ ਦੇ ਘਰਾਂ ਦਾ ਭਾਰੀ ਬਰਸਾਤ ਨੇ ਵੱਡੀ ਪੱਧਰ 'ਤੇ ਨੁਕਸਾਨ ਕਰ ਦਿੱਤਾ ਹੈ | ਕਰਨੈਲ ਸਿੰਘ ਨੇ ਆਪਣੇ ਜਵਾਨ ਪੁੱਤਰਾਂ ਨਾਲ ਸਖ਼ਤ ਮਿਹਨਤ ਤੋਂ ਬਾਅਦ ਪੱਕਾ ਲੈਂਟਰ ਵਾਲਾ ਸਾਂਝਾ ਘਰ ਬਣਾਇਆ ਸੀ, ਪਰ ਇਸ ਬਰਸਾਤ ਕਾਰਨ ਘਰ ਨੇੜੇ ਇਕੱਠੇ ਹੋਏ ਪਾਣੀ ਕਾਰਨ ਉਸ ਦੇ ਘਰ ਦੀਆਂ ਕੰਧਾਂ ਹੇਠਾਂ ਡਿੱਗ ਗਈਆਂ ਹਨ, ਜਿਸ ਕਾਰਨ ਉਸ ਦੇ ਪੂਰੇ ਮਕਾਨ ਦੀਆਂ ਰਹਿੰਦੀਆਂ ਕੰਧਾਂ ਵਿਚ ਵੀ ਵੱਡੀਆਂ ਤਰੇੜਾਂ ਆ ਗਈਆਂ ਹਨ | ਅਜਿਹੀ ਹਾਲਤ ਵਿਚ ਉਸ ਦਾ ਸਾਰਾ ਘਰ ਖ਼ਤਰੇ ਹੇਠ ਹੋਣ ਕਾਰਨ ਉਨ੍ਹਾਂ ਵਲੋਂ ਪੂਰੇ ਪਰਿਵਾਰ ਨੂੰ ਘਰ ਤੋਂ ਬਾਹਰ ਕੱਢ ਕੇ ਇਕ ਟੈਂਟ ਲੱਗਾ ਕੇ ਦਿੱਤਾ ਗਿਆ ਹੈ | ਹਾਲ ਦੀ ਘੜੀ ਪੂਰਾ ਪਰਿਵਾਰ ਪੱਕੇ ਮਕਾਨ ਨੂੰ ਛੱਡ ਕੇ ਟੈਂਟ ਵਿਚ ਸਮਾਂ ਗੁਜ਼ਾਰਨ ਲਈ ਮਜਬੂਰ ਹੋ ਗਿਆ ਹੈ | ਇਸ ਤਰ੍ਹਾਂ ਇਕ ਹੋਰ ਗ਼ਰੀਬ ਮਜ਼ਦੂਰ ਅਵਤਾਰ ਸਿੰਘ ਦੇ ਮਕਾਨ ਦਾ ਇਕ ਹਿੱਸਾ ਬਰਸਾਤ ਕਾਰਨ ਹੇਠਾਂ ਡਿੱਗ ਗਿਆ ਹੈ, ਜਿਸ ਕਾਰਨ ਉਹ ਪਰਿਵਾਰ ਵੀ ਭਾਰੀ ਪ੍ਰੇਸ਼ਾਨੀਆਂ ਵਿਚੋਂ ਲੰਘਣ ਲਈ ਮਜਬੂਰ ਹੈ | ਪੀੜਤਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਫ਼ੌਰੀ ਤੌਰ 'ਤੇ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਰਹਿਣ ਬਸੇਰਾ ਦਾ ਕੋਈ ਪ੍ਰਬੰਧ ਹੋ ਸਕੇ |