ਕਲਾਨੌਰ, 3 ਸਤੰਬਰ (ਪੁਰੇਵਾਲ)-ਪਿਛਲੇ ਦਿਨਾਂ ਤੋਂ ਹੋ ਰਹੀ ਬਾਰਸ਼ ਕਾਰਨ ਹਰ ਪਾਸੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ | ਹੜ੍ਹਾਂ ਦੀ ਸਥਿਤੀ 'ਚ ਕਾਫੀ ਨੁਕਸਾਨ ਹੋਇਆ ਹੈ | ਬਾਰਸ਼ਾਂ ਕਾਰਨ ਕਲਾਨੌਰ 'ਚ ਪਿਛਲੇ ਲੰਮੇਂ ਸਮੇਂ ਤੋਂ ਬਣੀਆਂ ਖੰਡਰ ਇਮਾਰਤਾਂ ਮੁਹੱਲਾ ਵਾਸੀਆਂ ਤੇ ਰਾਹਗੀਰਾਂ ਲਈ ਖਤਰਾ ਬਣੀਆਂ ਹੋਈਆਂ ਹਨ | ਇਸ ਸਬੰਧ 'ਚ ਅੱਜ ਕਲਾਨੌਰ ਦੇ ਵੱਖ-ਵੱਖ ਮੁਹੱਲਿਆਂ 'ਚ ਜਿਥੇ ਕੱਚੇ ਘਰਾਂ ਦੀਆਂ ਛੱਤਾਂ ਪ੍ਰਭਾਵਿਤ ਹੋਈਆਂ, ਉਥੇ ਮੁਹੱਲਾ ਸੇਖਾ 'ਚ ਛੱਤ ਵਾਲੀ ਗਲੀ ਦੀ ਇਮਾਰਤ ਸਮੇਤ ਇੱਕ ਹੋਰ ਇਮਾਰਤ ਮੀਂਹ ਨਾਲ ਡਿੱਗ ਗਈ | ਇਸ ਦੌਰਾਨ ਖੁਸ਼ਕਿਸਮਤੀ ਇਹ ਰਹੀ ਕਿ ਗਲੀ 'ਚ ਕੋਈ ਰਾਹਗੀਰ ਨਹੀਂ ਸੀ ਗੁਜਰ ਰਿਹਾ | ਇਸ ਸੰਬੰਧੀ ਮੁਹੱਲਾ ਸੇਖਾਂ ਵਾਸੀਆਂ ਨੇ ਪ੍ਰਸਾਸ਼ਨ ਨੂੰ ਲਿਖੇ ਪੱਤਰ 'ਚ ਦੱਸਿਆ ਕਿ ਉਨ੍ਹਾਂ ਦੇ ਮੁਹੱਲੇ 'ਚ ਪਿਛਲੇ ਕਈ ਸਾਲਾਂ ਤੋਂ ਨਿਰਮਾਣ ਹੋਈਆਂ 4-5 ਇਮਾਰਤਾਂ ਖੰਡਰ ਹਨ, ਜਿਨ੍ਹਾਂ ਦੇ ਮਾਲਕ ਕਈ ਚਿਰ ਪਹਿਲਾਂ ਇਮਾਰਤਾਂ 'ਚੋਂ ਕਿਸੇ ਦੂਸਰੀ ਜਗ੍ਹਾ 'ਤੇ ਰਹਿ ਰਹ ਹਨ, ਜਿਸ ਕਾਰਨ ਇਮਾਰਤਾਂ ਦੀ ਦੇਖਭਾਲ ਨਾ ਹੋਣ ਕਾਰਨ ਰਾਹਗੀਰ ਤੇ ਮੁਹੱਲਾ ਨਿਵਾਸੀਆਂ ਲਈ ਜਾਨ ਦਾ ਖੌਅ ਬਣੀਆਂ ਹੋਈਆਂ ਹਨ | ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਮਾਰਤਾਂ ਦੇ ਮਾਲਕਾਂ ਨਾਲ ਵੀ ਸੰਪਰਕ ਕੀਤਾ ਜਦਕਿ ਇਮਾਰਤਾਂ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਤੇ ਹੁਣ ਬਰਸਾਤਾਂ ਕਾਰਨ ਲੋਕਾਂ ਲਈ ਖਤਰਾ ਹਨ | ਮੁਹੱਲਾ ਨਿਵਾਸੀਆਂ ਨੇ ਪ੍ਰਸਾਸ਼ਨ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੀ ਮੁਸ਼ਕਿਲ ਦਾ ਹੱਲ ਕੀਤਾ ਜਾਵੇ ਤਾਂ ਜੋ ਇਮਾਰਤਾਂ ਦੇ ਡਿੱਗਣ ਨਾਲ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ |