ਗੁਰਦਾਸਪੁਰ, 3 ਸਤੰਬਰ (ਚੱਕਰਾਜਾ)-ਲਗਾਤਾਰ ਇਕ ਹਫ਼ਤਾ ਭਰ ਪਾਣੀ 'ਚ ਡੁੱਬੇ ਰਹਿਣ ਕਾਰਨ ਸਰਹੱਦੀ ਪਿੰਡਾਂ ਦੇ ਲੋਕਾਂ ਵਲੋਂ ਪਿਛਲੇ 2-3 ਦਿਨਾਂ ਤੋਂ ਪਾਣੀ ਘੱਟਣ ਕਾਰਨ ਰਾਹਤ ਮਹਿਸੂਸ ਕੀਤੀ ਸੀ | ਪਰ ਅੱਜ ਫਿਰ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਦੇ ਚੱਲਦਿਆਂ ਦਰਿਆ ਰਾਵੀ 'ਚ ਰਣਜੀਤ ਸਾਗਰ ਡੈਮ ਤੋਂ ਫਲੱਡ ਗੇਟ ਖੋਲ੍ਹ ਕੇ ਛੱਡੇ ਪਾਣੀ ਕਾਰਨ ਸਰਹੱਦੀ ਖੇਤਰ ਦੇ ਦਰਿਆ ਰਾਵੀ ਨੇੜਲੇ ਪਿੰਡ ਝਬਕਰਾ, ਮਰਾੜਾ, ਕਾਹਨਾ, ਚਿੱਟੀ, ਨੌਰੰਗਪੁਰ, ਫਰੀਦਪੁਰ, ਠੱਠੀ, ਜੈਨਪੁਰ ਤੋਂ ਇਲਾਵਾ ਦਰਜਨਾਂ ਪਿੰਡਾਂ ਅੰਦਰ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਕਈ ਪਿੰਡਾਂ ਅੰਦਰ ਦੁਪਹਿਰ ਤੱਕ 4 ਫੁੱਟ ਤੱਕ ਪਾਣੀ ਭਰ ਚੁੱਕਾ ਹੈ | ਇੱਥੋਂ ਤੱਕ ਕਿ ਪਿੰਡਾਂ ਨੰੂ ਜਾਂਦੀਆਂ ਸੜਕਾਂ 'ਤੇ ਕਈ-ਕਈ ਫੁੱਟ ਪਾਣੀ ਭਰ ਜਾਣ ਕਾਰਨ ਇਕ ਵਾਰ ਫਿਰ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਾ ਹੈ | ਪਾਣੀ ਵਿਚ ਘਿਰੇ ਇਲਾਕੇ ਦੇ ਕੁਝ ਲੋਕਾਂ ਨੇ ਦੱਸਿਆ ਕਿ ਅਜੇ ਮਸਾਂ ਹੀ ਉਨ੍ਹਾਂ ਵਲੋਂ ਪਾਣੀ ਘੱਟਣ ਕਾਰਨ ਕੁਝ ਰਾਹਤ ਮਹਿਸੂਸ ਕੀਤੀ ਗਈ ਸੀ ਤੇ ਉਨ੍ਹਾਂ ਵਲੋਂ ਆਪਣੇ ਘਰਾਂ ਦੇ ਕਮਰੇ ਜਿਨ੍ਹਾਂ 'ਚ ਪਾਣੀ ਵੜਨ ਕਾਰਨ ਮਿੱਟੀ ਭਰ ਚੁੱਕੀ ਸੀ, ਇਨ੍ਹਾਂ ਦੀ ਸਫ਼ਾਈ ਕੀਤੀ ਸੀ ਕਿ ਉੱਪਰੋਂ ਮੁੜ ਉਨ੍ਹਾਂ ਦੇ ਘਰਾਂ ਵੱਲ ਪਾਣੀ ਵਧਣ ਕਾਰਨ ਉਹ ਭਾਰੀ ਚਿੰਤਾ ਵਿਚ ਹਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ 'ਚ ਆਏ ਹੜ੍ਹ ਕਾਰਨ ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ ਤੇ ਜੇਕਰ ਮੁੜ ਇਸੇ ਤਰ੍ਹਾਂ ਪਾਣੀ ਵਧਦਾ ਹੈ ਤਾਂ ਇਲਾਕੇ ਦਾ ਵੱਡਾ ਨੁਕਸਾਨ ਹੋ ਸਕਦਾ ਹੈ, ਜਿਸ ਦੀ ਭਰਪਾਈ ਕਰਦਿਆਂ ਕਈ ਸਾਲ ਲੱਗਣਗੇ |