ਘੱਲੂਘਾਰਾ ਸਾਹਿਬ, 3 ਸਤੰਬਰ (ਮਿਨਹਾਸ)-ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਪਿੰਡ ਦਾਰਾਪੁਰ ਵਿਚ ਫਸਲਾਂ 'ਚੋਂ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋ ਗਿਆ | ਇਸ ਝਗੜੇ ਦੌਰਾਨ ਦੋਨਾਂ ਪਰਿਵਾਰਾਂ ਦੇ 3 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜੋ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ | ਇਸ ਸਬੰਧੀ ਸੁਖਦੇਵ ਸਿੰਘ, ਕਰਮਿੰਦਰ ਸਿੰਘ, ਗੁਰਦੇਵ ਸਿੰਘ ਅਤੇ ਅੰਮਿ੍ਤਪਾਲ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਦਾ ਜਸਵੰਤ ਸਿੰਘ ਬਾਰਿਸ਼ ਦੇ ਪਾਣੀ ਦਾ ਰੁਖ ਧੱਕੇ ਨਾਲ ਸਾਡੇ ਖੇਤਾਂ ਵੱਲ ਕਰ ਰਹੇ ਸਨ, ਜਦੋਂ ਅਸੀਂ ਅਜਿਹਾ ਕਰਨ ਤੋਂ ਰੋਕਿਆ ਤਾਂ ਜਸਵੰਤ ਸਿੰਘ ਧਿਰ ਨੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ, ਹਮਲੇ ਦੌਰਾਨ ਕਰਮਿੰਦਰ ਸਿੰਘ ਤੇ ਉਸ ਦਾ ਚਚੇਰਾ ਭਰਾ ਸੁਖਦੇਵ ਸਿੰਘ ਜ਼ਖ਼ਮੀ ਹੋ ਗਏ | ਉਨ੍ਹਾਂ ਦੱਸਿਆ ਕਿ ਕਰਮਿੰਦਰ ਸਿੰਘ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਅਤੇ ਦੂਸਰਾ ਭਰਾ ਸੁਖਦੇਵ ਸਿੰਘ ਸਰਕਾਰੀ ਹਸਪਤਾਲ ਭੈਣੀ ਮੀਆਂ ਖਾਂ ਵਿਚ ਜ਼ੇਰੇ ਇਲਾਜ ਹੈ | ਇਸੇ ਤਰ੍ਹਾਂ ਦੂਜੀ ਧਿਰ ਦੇ ਸੁਖਦੇਵ ਸਿੰਘ ਵੀ ਧਾਰੀਵਾਲ ਦੇ ਇਕ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਹਨ | ਦੂਸਰੀ ਧਿਰ ਦੇ ਜਸਵੰਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਦਾਰਾਪੁਰ ਨੇ ਦੱਸਿਆ ਕਿ ਉਹ ਆਪਣੇ ਖੇਤਾਂ 'ਚੋਂ ਪਾਣੀ ਕੱਢ ਰਹੇ ਸਨ ਤਾਂ ਸੁਖਦੇਵ ਸਿੰਘ, ਕਰਮਿੰਦਰ ਸਿੰਘ, ਅੰਮਿ੍ਤਪਾਲ ਤੇ ਕੇਸ਼ਾ ਆਦਿ ਨੇ ਉਨ੍ਹਾਂ 'ਤੇ ਹਮਲਾ ਕਰਕੇ ਗੰਭੀਰ ਰੂਪ 'ਚ ਸੱਟਾਂ ਲਗਾ ਦਿੱਤੀਆਂ | ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਦੀ ਐਸਐਚਓ ਇੰਸਪੈਕਟਰ ਦੀਪਕਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਹਾਂ ਧਿਰਾਂ ਦੀਆਂ ਦਰਖਾਸਤਾਂ ਮਿਲੀਆਂ ਹੋਈਆਂ ਹਨ | ਪੁਲਿਸ ਵਲੋਂ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ |