24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਬਰਸਾਤ ਰੁਕਣ ਤੇ ਸੱਕੀ ਨਾਲੇ ਦਾ ਪਾਣੀ ਕੰਢਿਆਂ ਤੋਂ ਥੱਲੇ ਆਉਣ ਨਾਲ ਲੋਕਾਂ ਨੇ ਕੀਤੀ ਰਾਹਤ ਮਹਿਸੂਸ

Ad Position 21
No active advertisement
ਅਜੀਤ ਡੈਸਕ 04-09-2025
ਫਤਹਿਗੜ੍ਹ ਚੂੜੀਆਂ, 3 ਸਤੰਬਰ (ਅਵਤਾਰ ਸਿੰਘ ਰੰਧਾਵਾ)-ਪਿਛਲੇ ਕਈ ਦਿਨਾਂ ਤੋਂ ਡੇਰਾ ਬਾਬਾ ਨਾਨਕ ਤੇ ਨਾਲ ਲਗਦੇ ਖੇਤਰ ਵਿਚ ਹੜ੍ਹ ਆਉਣ ਨਾਲ ਸਰਹੱਦੀ ਖੇਤਰ ਨਾਲ ਲਗਦੇ ਇਲਾਕੇ ਦੇ ਲੋਕਾਂ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਕੁਦਰਤ ਦੀ ਕਰੋਪੀ ਨੇ ਹਜ਼ਾਰਾਂ ਪਰਿਵਾਰ ਝੰਜੋੜ ਕੇ ਰੱਖ ਦਿੱਤੇ ਹਨ | ਲੋਕਾਂ ਉੱਪਰ ਟੁੱਟੇ ਇਸ ਵੱਡੇ ਕਹਿਰ ਨੇ ਪੂਰੇ ਖੇਤਰ ਅੰਦਰ ਸੋਗ ਵਰਗਾ ਮਾਹੌਲ ਸਿਰਜਿਆ ਹੋਇਆ ਹੈ | ਅੱਜ ਦਿਨ ਢਲੇ ਤੋਂ ਬਾਅਦ 'ਚ ਬਰਸਾਤ ਰੁਕਣ ਕਾਰਨ ਤੇ ਪਿਛਲੇ ਦਿਨਾਂ ਨਾਲੋਂ ਪਾਣੀ ਦਾ ਪੱਧਰ ਘਟਣ ਨਾਲ ਹੜ ਮਾਰੇ ਇਸ ਇਲਾਕੇ ਵਿਚ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਹੈ | ਲੋਕ ਪ੍ਰਮਾਤਮਾ ਅੱਗੇ ਭਰੇ ਮਨਾਂ ਨਾਲ ਅਰਦਾਸਾਂ ਕਰਦੇ ਨਜ਼ਰ ਆ ਰਹੇ ਹਨ ਕਿ ਆਉਣ ਵਾਲਾ ਸਮਾਂ ਸੁੱਖ ਵਾਲਾ ਆਵੇ, ਕਿਉਂਕਿ ਹੜ੍ਹ ਦੇ ਵਾਪਰੇ ਦੁਖਾਂਤ ਨੇ ਉਨ੍ਹਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ ਤੇ ਉਨ੍ਹਾਂ ਦਾ ਇਸ ਦੁੱਖ ਦੀ ਘੜੀ ਵਿਚ ਜਿਉਣਾ ਮੁਹਾਲ ਹੋਇਆ ਪਿਆ ਹੈ | ਹੜ੍ਹ ਦੀ ਸਥਿਤੀ ਸਬੰਧੀ 'ਅਜੀਤ' ਵਲੋਂ ਖੇਤਰ ਦਾ ਜਾਇਜ਼ਾ ਲੈਣ ਮੌਕੇ ਪਿੰਡ ਨਿਕੋਸਰਾਂ, ਤਲਵੰਡੀ ਰਾਮਾ, ਕਠਿਆਲਾ, ਸ਼ਾਹਪੁਰ ਜਾਜਨ, ਮਾਲੇਵਾਲ, ਪੱਬਾਂਰਾਲੀ, ਕੋਟ ਮੌਲਵੀ, ਰੂਪੋਵਾਲੀ ਆਦਿ ਲੋਕਾਂ ਨੇ ਦੱਸਿਆ ਕਿ ਜਿਵੇਂ-ਜਿਵੇਂ ਹੜ੍ਹ ਦੇ ਪਾਣੀ ਦਾ ਪੱਧਰ ਹੇਠਾਂ ਉਤਰ ਰਿਹਾ ਹੈ, ਉਵੇਂ-ਉਵੇਂ ਲੋਕਾਂ ਨੂੰ ਥੋੜੀ-ਬਹੁਤ ਰਾਹਤ ਮਿਲ ਰਹੀ ਹੈ | ਕੁਝ ਖੇਤਰ ਵਿਚ ਪਾਣੀ ਨੀਵਾਂ ਹੋਣ ਕਰਕੇ ਲੋਕ ਆਪਣੇ ਘਰਾਂ ਵਿਚ ਪਹੁੰਚ ਕੇ ਹੋਏ ਨੁਕਸਾਨ ਨੂੰ ਦੇਖ ਕੇ ਭੁੱਬਾਂ ਮਾਰ ਕੇ ਰੋ ਰਹੇ ਹਨ | ਪਰਸੋਂ ਤੋਂ ਪਾਣੀ ਦਾ ਪੱਧਰ ਹੇਠਾਂ ਵੱਲ ਨੂੰ ਜਾਣ ਕਰ ਕੇ ਸੱਕੀ ਨਾਲੇ ਦੇ ਕੰਢੇ ਨੰਗੇ ਹੋ ਗਏ ਹਨ ਅਤੇ ਆਸ ਕੀਤੀ ਜਾਂਦੀ ਹੈ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਬਰਸਾਤ ਨਾ ਹੋਈ ਅਤੇ ਪਿੱਛੋਂ ਪਾਣੀ ਨਾ ਆਇਆ ਤਾਂ ਸ਼ਾਇਦ ਲੋਕ ਅਗਲੇ ਜਨਜੀਵਨ ਵੱਲ ਵਧਣੇ ਸ਼ੁਰੂ ਹੋ ਜਾਣਗੇ | ਜਗ੍ਹਾ-ਜਗ੍ਹਾ ਉੱਪਰ ਲੱਗੇ ਰਾਹਤ ਕੈਂਪਾਂ ਮੌਕੇ ਸੰਬੰਧਤ ਲੋਕਾਂ ਨੇ ਦੱਸਿਆ ਕਿ ਸਮਾਜ ਸੇਵੀ ਲੋਕਾਂ ਨੇ ਆਸ ਤੋਂ ਕਈ ਗੁਣਾ ਜਿਆਦਾ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ | ਰਾਹਤ ਸਮੱਗਰੀ ਦੀਆਂ ਟਰਾਲੀਆਂ, ਗੱਡੀਆਂ ਦੂਰ-ਦੁਰਾਡੇ ਤੋਂ ਨਿਰੰਤਰ ਪਹੁੰਚ ਰਹੀਆਂ ਹਨ, ਪਰ ਹੜ੍ਹ ਪੀੜਤ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਮਾਜ ਸੇਵੀ ਲੋਕ ਅਗਲੇ ਕੁਝ ਦਿਨਾਂ ਤੱਕ ਸਹਿਜ ਵਰਤ ਕੇ ਲੋਕਾਂ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲੈ ਕੇ ਰਾਹਤ ਸਮੱਗਰੀ ਲਿਆਉਣ, ਕਿਉਂਕਿ ਬਰਸਾਤ ਹੋਣ ਕਰਕੇ ਪਸ਼ੂਆਂ ਦਾ ਚਾਰਾ ਤੇ ਹੋਰ ਸਾਮਾਨ ਖਰਾਬ ਹੋਣ ਦਾ ਖਦਸ਼ਾ ਹੈ |
Ad Position 22
No active advertisement
ਪਿਛਲੀ ਖ਼ਬਰ ਮੱਲ੍ਹੀ ਵਲੋਂ ਹੜ੍ਹ ਪੀੜਤਾਂ ਲਈ ਇਕ ਲੱਖ ਰੁਪਏ ਦੇਣ ਦਾ ਐਲਾਨ ਅਗਲੀ ਖ਼ਬਰ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ-3 ਵਿਅਕਤੀ ਜ਼ਖ਼ਮੀ
Ad Position 24