ਪਠਾਨਕੋਟ, 4 ਸਤੰਬਰ (ਵਿਨੋਦ)-ਪਿਛਲੇ ਦਿਨਾਂ ਦੌਰਾਨ ਆਏ ਹੜ੍ਹਾਂ ਦੀ ਕੁਦਰਤੀ ਮਾਰ ਹੇਠ ਜਿੱਥੇ ਪੰਜਾਬ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ, ਪਸ਼ੂ ਧੰਨ ਦਾ ਨੁਕਸਾਨ ਹੋਇਆ, ਲੋਕਾਂ ਦੇ ਘਰ ਵੀ ਪ੍ਰਭਾਵਿਤ ਹੋਏ ਹਨ, ਉੱਥੇ ਹੀ ਨਾਲ ਸਭ ਤੋਂ ਦੁਖਦਾਈ ਘਟਨਾਵਾਂ ਸਾਡੀਆਂ ਬਹੁਤ ਹੀ ਕੀਮਤੀ ਜਾਨਾਂ ਚਲੀਆਂ ਗਈਆਂ, ਸਰਕਾਰ ਹਰ ਦੁੱਖ ਦੀ ਘੜੀ 'ਚ ਇਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੀ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਆਯੋਜਿਤ ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ, ਹਲਕਾ ਇੰਚਾਰਜ ਸੁਜਾਨਪੁਰ ਅਮਿਤ ਮੰਟੂ, ਐਸ.ਡੀ.ਐਮ. ਪਠਾਨਕੋਟ ਰਾਕੇਸ਼ ਮੀਨਾ, ਜ਼ਿਲ੍ਹਾ ਮਾਲ ਅਫ਼ਸਰ ਪਵਨ ਕੁਮਾਰ, ਏ.ਸੀ.ਜੀ. ਪਠਾਨਕੋਟ ਵਿਕਰਮ, ਬਲਾਕ ਪ੍ਰਧਾਨ ਸੰਦੀਪ ਕੁਮਾਰ ਤੇ ਹੋਰ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੜ੍ਹਾਂ ਦੌਰਾਨ ਅਸੀਂ ਬਹੁਤ ਮਾਰ ਝੱਲੀ ਹੈ | ਪਰ ਦੁੱਖ ਦੀ ਗੱਲ ਹੈ ਕਿ ਸਾਡੇ ਜ਼ਿਲੇ੍ਹ ਦੇ ਕੁਝ ਪਰਿਵਾਰ ਅਜਿਹੇ ਹਨ, ਜਿਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾਉਣਾ ਪਿਆ | ਉਨ੍ਹਾਂ ਕਿਹਾ ਕਿ ਇਸ ਔਖੀ ਘੜੀ 'ਚ ਪੰਜਾਬ ਸਰਕਾਰ ਇਨ੍ਹਾਂ ਪਰਿਵਾਰਾਂ ਦੇ ਨਾਲ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਨੇ ਬਹੁਤ ਜਲਦੀ ਪਹਿਲਕਦਮੀ ਕਰਦਿਆਂ ਉਨ੍ਹਾਂ ਪਰਿਵਾਰਾਂ ਦੇ ਲਈ ਆਰਥਿਕ ਸਹਾਇਤਾ ਦੀ ਸ਼ੁਰੂਆਤ ਕੀਤੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ 8 ਪਰਿਵਾਰ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਹੜ੍ਹਾਂ ਦੇ ਅੰਦਰ ਰੁੜ੍ਹ ਗਏ | ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 4 ਪਰਿਵਾਰਾਂ ਲਈ ਜਿਸ 'ਚ ਪਿੰਡ ਅਤੇਪੁਰ ਤੋਂ ਨੌਜਵਾਨ ਜਗਤਾਰ, ਢਾਂਗੂ ਸਰਾਂ ਤੋਂ ਸਾਹਿਲ, ਰਾਜਪੁਰਾ ਤੋਂ ਕੇਸ਼ਵ ਕੁਮਾਰ ਤੇ ਰੇਸ਼ਮਾ ਇਨ੍ਹਾਂ 4 ਪਰਿਵਾਰਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਦੇ ਚੈਕ ਪੰਜਾਬ ਸਰਕਾਰ ਵਲੋਂ ਦਿੱਤੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਠਾਨਕੋਟ ਪਹਿਲਾ ਜ਼ਿਲ੍ਹਾ ਹੈ, ਜਿਸ ਵਿਚ ਇਹ ਸ਼ੁਰੂਆਤ ਹੋਈ ਹੈ | ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਕਿ ਉਨ੍ਹਾਂ ਬਹੁਤ ਜਲਦੀ ਕਾਰਵਾਈ ਕਰਦਿਆਂ ਰਿਪੋਰਟ ਪੇਸ਼ ਕੀਤੀ | ਉਨ੍ਹਾਂ ਕਿਹਾ ਕਿ ਰਹਿੰਦੇ 4 ਪਰਿਵਾਰਾਂ ਦੇ ਕਾਗ਼ਜ਼ਾਤ ਜੋ ਪੂਰਨ ਨਹੀਂ ਹਨ, ਉਨ੍ਹਾਂ ਚਾਰ ਪਰਿਵਾਰਾਂ ਨੂੰ ਵੀ ਜਲਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਲਈ ਸਾਡੀ ਦਿਲੀ ਹਮਦਰਦੀ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਸੰਕਟ ਦੀ ਘੜੀ ਵਿਚ ਬਾਹਰ ਨਿਕਲਣ ਦੇ ਲਈ ਬੱਲ ਦੇਣ |