ਕੋਟਲੀ ਸੂਰਤ ਮੱਲ੍ਹੀ, 5 ਸਤੰਬਰ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਰਾਹਤ ਸਮੱਗਰੀ ਵੰਡਦਿਆਂ ਉਘੇ ਸਮਾਜ ਸੇਵਕ ਬਾਬਾ ਰਛਪਾਲ ਸਿੰਘ ਪ੍ਰਮੇਸਰ ਨਗਰ ਨੇ ਕਿਹਾ ਕਿ ਅਜਿਹੀ ਆਫ਼ਤ ਨਾਲ ਨਜਿੱਠਣ ਲਈ ਪੰਜਾਬੀਆਂ ਨੇ ਇਕਜੁੱਟਤਾ ਦਾ ਸਬੂਤ ਦਿੰਦਿਆ ਜਾਤ-ਪਾਤ ਤੋਂ ਉਪਰ ਉੱਠ ਕੇ ਹਰ ਵਰਗ ਦੇ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਹੈ | ਉਨ੍ਹਾਂ ਰਾਹਤ ਸਮੱਗਰੀ ਵੰਡਣ ਸਮੇਂ ਘਰ-ਘਰ ਜਾ ਕੇ ਲੋਕਾਂ ਦਾ ਹਾਲ-ਚਾਲ ਜਾਣਦਿਆਂ ਦੱਸਿਆ ਕਿ ਹੜ੍ਹ ਦੇ ਪਾਣੀ ਨੇ ਕਿਸਾਨਾਂ ਦੀ ਫ਼ਸਲਾਂ ਤਬਾਹ ਕਰ ਦਿੱਤੀਆਂ ਤੇ ਕਈ ਦੁਧਾਰੂ ਪਸ਼ੂ ਮਰ ਗਏ ਹਨ ਤੇ ਲੋਕਾਂ ਦੇ ਮਕਾਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ | ਪਿੰਡਾਂ 'ਚ ਹਲਾਤ ਬਹੁਤ ਬਦਤਰ ਬਣੇ ਹੋਏ ਹਨ, ਜਿਸ ਕਰ ਕੇ ਸੰਗਤਾਂ ਨੂੰ ਲੋੜਵੰਦ ਲੋਕਾਂ ਦੀ ਮਦਦ ਲਈ ਨਿਰੰਤਰ ਸੇਵਾ ਚਾਲੂ ਰੱਖਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਸੰਗਤਾਂ ਤੇ ਮਾਹਰ ਡਾਕਟਰਾਂ ਸਮੇਤ ਪ੍ਰਭਾਵਿਤ ਪਿੰਡਾਂ 'ਚ ਜਿੱਥੇ ਲੋੜਵੰਦਾਂ ਨੂੰ ਦਵਾਈਆਂ ਵੰਡੀਆਂ ਹਨ, ਉਥੇ ਰਾਹਤ ਸਮੱਗਰੀ ਵੀ ਦਿੱਤੀ ਗਈ ਹੈ ਅਤੇ ਲੋਕਾਂ ਦੀ ਚੜ੍ਹਦੀ ਕਲਾ ਦੀ ਗੁਰੂ ਸਾਹਿਬਾਨ ਅੱਗੇ ਅਰਦਾਸ ਬੇਨਤੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦਿਨਾਂ ਤੋਂ ਨਿਰੰਤਰ ਲੋਕਾਂ ਨੂੰ ਰਾਹਤ ਸਮੱਗਰੀ ਤੇ ਲੰਗਰ ਪਾਣੀ ਪਹੁੰਚਾ ਰਹੇ ਹਨ ਤੇ ਅੱਗੋਂ ਵੀ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣਗੇ | ਇਸ ਮੌਕੇ ਪ੍ਰਧਾਨ ਹਰਦਿਆਲ ਸਿਘ ਗਿੱਲ, ਭਾਈ ਜਸਪਾਲ ਸਿੰਘ ਪ੍ਰਮੇਸਰ ਨਗਰ, ਭਾਈ ਹਰਿੰਦਰ ਸਿੰਘ ਗਾਜੀਨੰਗਲ, ਭਾਈ ਗੁਰਦਿਆਲ ਸਿੰਘ ਪ੍ਰਮੇਸਰ ਨਗਰ, ਭਾਈ ਗੁਰਦੀਪ ਸਿੰਘ ਬੂਟਾ, ਭਾਈ ਕਸ਼ਮੀਰ ਸਿੰਘ ਠੇਕੇਦਾਰ, ਕਾਮਰੇਡ ਮਨਜੀਤ ਸਿੰਘ ਰਾਉਵਾਲ, ਸਰਪੰਚ ਸੁਰਜੀਤ ਸਿੰਘ ਮਾਹਲ, ਮੰਗਲ ਸਿੰਘ ਬਲੱਗਣ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬਰਿਆਰ, ਕੁਲਦੀਪ ਸਿੰਘ ਨਾਗਰਾ, ਸਾਜਨ ਮਸੀਹ ਡੇਰਾ ਪਠਾਣਾ, ਪ੍ਰਧਾਨ ਬੀਰਾ ਮਸੀਹ ਰਾਉਵਾਲ, ਲਵ ਪ੍ਰਮੇਸਰ ਨਗਰ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਹਾਜ਼ਰ ਸਨ |