ਬਟਾਲਾ, 5 ਸਤੰਬਰ (ਰਾਕੇਸ਼ ਰੇਖੀ)-ਔਰਤ ਤੋਂ ਪਰਸ ਖੋਹ ਕੇ ਫ਼ਰਾਰ ਹੋਏ ਲੁਟੇਰਿਆਂ ਦੀ ਪਹਿਚਾਣ ਹੋਣ 'ਤੇ ਪੁਲਿਸ ਨੇ 2 ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਿਟੀ ਦੇ ਏ.ਐੱਸ.ਆਈ. ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਰੌਸ਼ਨ ਵਿਹਾਰ ਕਾਲੋਨੀ ਦੀ ਰਹਿਣ ਵਾਲੀ ਨਰਿੰਦਰ ਕੌਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨ ਉਹ ਧਰਮਪੁਰਾ ਕਾਲੋਨੀ ਦੇ ਸਿਵਲ ਹਸਪਤਾਲ ਰੋਡ ਤੋਂ ਕਾਦੀਆਂ ਚੁੰਗੀ ਨੂੰ ਪੈਦਲ ਜਾ ਰਹੀ ਸੀ, ਜਦੋਂ ਉਹ ਰਸਤੇ ਵਿਚ ਡਾਇਮੰਡ ਕਾਲੋਨੀ ਦੇ ਮੋੜ ਨੇੜੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ 'ਤੇ ਆਏ 2 ਨੌਜਵਾਨ ਉਸ ਦੇ ਹੱਥੋਂ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਪਰਸ ਵਿਚ ਕਰੀਬ 60 ਹਜ਼ਾਰ ਰੁਪਏ, ਆਧਾਰ ਕਾਰਡ ਮੋਬਾਇਲ ਫ਼ੋਨ ਸੀ | ਉਹ ਆਪਣੇ ਤੌਰ 'ਤੇ ਲੁਟੇਰਿਆਂ ਦਾ ਪਤਾ ਲਗਾਉਂਦੀ ਰਹੀ | ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਉਸ ਤੋਂ ਪਰਸ ਖੋਹਣ ਵਾਲਿਆਂ ਵਿਚ ਅਜੇ ਕੁਮਾਰ ਉਰਫ਼ ਰਾਹੁਲ ਪੁੱਤਰ ਮਨੋਹਰ ਲਾਲ ਵਾਸੀ ਫੈਜਪੁਰਾ ਅਤੇ ਅੱਜੂ ਵਾਸੀ ਬਾਊਲੀ ਇੰਦਰਜੀਤ ਸ਼ਾਮਲ ਸਨ | ਏ.ਐੱਸ.ਆਈ. ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਹੋ ਜਾਣ 'ਤੇ ਉਨ੍ਹਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |