ਬਟਾਲਾ, 26 ਸਤੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਹਮੇਸ਼ਾਂ ਹੀ ਸਕੂਲ ਸੰਸਥਾਪਕ ਹਰਪਾਲ ਸਿੰਘ ਦੇ ਨਕਸ਼ੇ ਕਦਮਾਂ ਉੱਪਰ ਚਲਦਿਆਂ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਸਮਾਜ ਭਲਾਈ ਦੇ ਕੰਮਾਂ 'ਚ ਹਮੇਸ਼ਾ ਹੀ ਮੋਹਰੀ ਰਹਿ ਕੇ ਆਪਣੀ ਹਿੱਸੇਦਾਰੀ ਪਾਉਂਦਾ ਰਿਹਾ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸਕੂਲ ਦੁਆਰਾ ਬਣਾਈ 'ਕਬੀਰ ਸੇਵਾ ਸੁਸਾਇਟੀ' ਤਹਿਤ ਹੜ੍ਹਾਂ ਦੀ ਮਾਰ ਝੱਲਦੇ ਹੋਏ ਇਲਾਕਿਆਂ ਵਿਚ ਰਾਹਤ ਸਮੱਗਰੀ ਭੇਜੀ ਗਈ | ਇਸ ਸਬੰਧੀ ਪਿ੍ੰਸੀਪਲ ਐੱਸ.ਬੀ. ਨਾਯਰ ਨੇ ਦੱਸਿਆ ਕਿ ਸਕੂਲ ਦੇ ਹੀ ਅਧਿਆਪਕ ਕਰਮਚਾਰੀਆਂ ਦੁਆਰਾ ਪਹਿਲਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਅੰਦਾਜ਼ਾ ਲਗਾਇਆ ਗਿਆ ਕਿ ਕਿਸ ਇਲਾਕੇ ਵਿਚ ਕਿਹੜੀ ਸਮੱਗਰੀ ਦੀ ਜ਼ਰੂਰਤ ਹੈ, ਜਿਸ ਅਨੁਸਾਰ ਸਮਾਨ ਦੀ ਖਰੀਦਦਾਰੀ ਕੀਤੀ ਗਈ | ਇਸ ਵਿਚ ਘਰੇਲੂ ਸਾਮਾਨ ਦੇ ਨਾਲ-ਨਾਲ ਹੋਰ ਜ਼ਰੂਰਤਮੰਦ ਚੀਜ਼ਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਗਈਆਂ | ਇਸ ਤੋਂ ਇਲਾਵਾ ਪਿੰਡ ਵਿਚ ਵਿਆਹੁਣ ਵਾਲੀਆਂ ਲੜਕੀਆਂ ਲਈ ਰਜਾਈਆਂ, ਬਿਸਤਰੇ, ਸੂਟ ਤੇ ਅਲਮਾਰੀਆਂ ਵੀ ਉਨ੍ਹਾਂ ਦੇ ਘਰਾਂ ਤੱਕ ਭੇਜੀਆਂ ਗਈਆਂ | ਇਸ ਮੌਕੇ ਪਿ੍ੰਸੀਪਲ ਤੇ ਪ੍ਰਬੰਧਕ ਕਮੇਟੀ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ, ਜਿਨਾਂ ਨੇ ਆਪਣਾ ਦਸਵੰਧ ਹੜ੍ਹ ਪੀੜਤਾਂ ਨੂੰ ਭੇਟ ਕੀਤਾ |