ਬਟਾਲਾ, 31 ਅਕਤੂਬਰ (ਹਰਦੇਵ ਸਿੰਘ ਸੰਧੂ)-ਬਟਾਲਾ ਪੁਲਿਸ ਲਾਇਨ ਰੋਡ 'ਤੇ ਪੈਂਦੇ ਨਿਊ ਮਾਡਲ ਟਾਊਨ ਦੇ ਇਕ ਖਾਲੀ ਪਲਾਟ 'ਚ ਨੌਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ, ਜਿਸ ਬਾਰੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਕਤਲ ਹੋਣ ਦਾ ਸ਼ੱਕ ਜਾਹਿਰ ਕੀਤਾ | ਇਸ ਬਾਰੇ ਮਿ੍ਤਕ ਵਰਿੰਦਰਪਾਲ ਸਿੰਘ (38) ਪੁੱਤਰ ਅਵਤਾਰ ਸਿੰਘ ਹਾਲ ਵਾਸੀ ਪ੍ਰੇਮ ਨਗਰ ਬੋਹੜਾਂਵਾਲਾ ਦੀ ਪਤਨੀ ਮਮਤਾ ਨੇ ਦੱਸਿਆ ਕਿ ਮੇਰਾ ਪਤੀ ਵਰਿੰਦਰਪਾਲ ਸਿੰਘ ਕੱਲ੍ਹ ਸਵੇਰੇ 9 ਵਜੇ ਘਰੋਂ ਗਿਆ, ਪਰ ਘਰ ਵਾਪਸ ਨਹੀਂ ਆਇਆ ਤੇ ਅੱਜ ਸਵੇਰੇ ਪੁਲਿਸ ਨੇ ਫ਼ੋਨ ਕਰਕੇ ਮੈਨੂੰ ਮੇਰੇ ਪਤੀ ਦੀ ਮੌਤ ਹੋਣ ਬਾਰੇ ਜਾਣਕਾਰੀ ਦਿੱਤੀ | ਮਮਤਾ ਨੇ ਦੱਸਿਆ ਕਿ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਕਿ ਮੇਰੇ ਪਤੀ ਦੀ ਇਕ ਖਾਲੀ ਪਲਾਟ ਵਿਚ ਖੂਨ ਨਾਲ ਲੱਥ-ਪਥ ਲਾਸ਼ ਪਈ ਸੀ, ਜਿਸ ਤੋਂ ਮੈਨੂੰ ਸ਼ੱਕ ਹੈ ਕਿ ਉਸ ਦਾ ਕਿਸੇ ਨੇ ਕਤਲ ਕਰਕੇ ਲਾਸ਼ ਇਸ ਜਗ੍ਹਾ 'ਤੇ ਸੁੱਟ ਦਿੱਤੀ ਹੈ | ਉਸ ਨੇ ਦੱਸਿਆ ਕਿ ਮੇਰੇ 2 ਛੋਟੇ ਬੱਚੇ ਹਨ, ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੇ ਪਤੀ ਦੇ ਕਤਲ ਦੇ ਕਾਰਨਾਂ ਦਾ ਜਲਦੀ ਪਤਾ ਲਗਾਇਆ ਜੇਵ ਤੇ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਜਾਵੇ | ਉਧਰ ਡੀ.ਐੱਸ.ਪੀ. ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਸਾਨੂੰ ਪੁਲਿਸ ਲਾਇਨ ਬਟਾਲਾ ਨੇੜੇ ਪੈਂਦੇ ਨਿਊ ਮਾਡਲ ਟਾਊਨ ਕਾਲੋਨੀ 'ਚ ਇਕ ਵਿਅਕਤੀ ਦੀ ਲਾਸ਼ ਪਏ ਹੋਣ ਬਾਰੇ ਜਾਣਕਾਰੀ ਮਿਲੀ, ਮਿ੍ਤਕ ਦੀ ਜੇਬ ਵਿਚੋਂ ਆਧਾਰ ਕਾਰਡ ਮਿਲਣ 'ਤੇ ਉਸ ਦੀ ਪਹਿਚਾਣ ਵਰਿੰਦਰਪਾਲ ਸਿੰਘ ਵੀਰੂ ਵਜੋਂ ਹੋਈ, ਜਿਸ ਤਹਿਤ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ | ਮਿ੍ਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ |