ਧਾਰੀਵਾਲ, 31 ਅਕਤੂਬਰ (ਜੇਮਸ ਨਾਹਰ)-ਪੰਜਾਬ ਕਿ੍ਸ਼ਚੀਅਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਵਲੋਂ ਪੰਜਾਬ ਕਿ੍ਸ਼ਚੀਅਨ ਯੂਥ ਫੈਲੋਸ਼ਿਪ ਦੇ ਸਾਰੇ ਆਗੂਆਂ ਨੂੰ ਧਰਮ ਤੇ ਜਾਤ ਤੋਂ ਉੱਪਰ ਉੱਠ ਕੇ ਸਮਾਜ ਦੇ ਹਰ ਵਰਗ ਦੇ ਲੋੜਵੰਦਾਂ ਦੀ ਸੇਵਾ ਕਰਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਕਿ੍ਸ਼ਚੀਅਨ ਯੂਥ ਫੈਲੋਸ਼ਿਪ ਦੇ ਸੂਬਾ ਪ੍ਰਧਾਨ ਡਾ. ਸੁਭਾਸ਼ ਥੋਬਾ ਨੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋਫ਼ੈਸਰ ਇਮੈਨੁਅਲ ਨਾਹਰ ਦੇ ਸਹਿਯੋਗ ਨਾਲ ਇਕ ਗਰੀਬ ਪਰਿਵਾਰ ਦੀ ਕੁੜੀ ਬੇਬੀ ਦੇ ਵਿਆਹ ਦਾ ਪੂਰਾ ਪ੍ਰਬੰਧ ਕਰਨ ਵਿਚ ਮਦਦ ਕੀਤੀ | ਇਸ ਮੌਕੇ 'ਤੇ ਪੰਜਾਬ ਕਿ੍ਸ਼ਚੀਅਨ ਯੂਥ ਫੈਲੋਸ਼ਿਪ ਦੇ ਸੂਬਾ ਪ੍ਰਧਾਨ ਡਾ. ਸੁਭਾਸ਼ ਥੋਬਾ ਨੇ ਕਿਹਾ ਕਿ ਹਰ ਕੋਈ ਆਪਣੇ ਲਈ ਜਿਉਂਦਾ ਹੈ, ਪਰ ਦੂਜਿਆਂ ਲਈ ਜਿਉਣਾ ਹੀ ਅਸਲ ਵਿਚ ਜ਼ਿੰਦਗੀ ਹੈ | ਉਨ੍ਹਾਂ ਕਿਹਾ ਕਿ ਜਿੱਥੇ ਅਮੀਰਾਂ ਨੂੰ ਆਪਣੀਆਂ ਧੀਆਂ ਦੇ ਵਿਆਹਾਂ ਦੀ ਕੋਈ ਚਿੰਤਾ ਨਹੀਂ ਹੁੰਦੀ, ਉੱਥੇ ਮੱਧ ਵਰਗ ਅਤੇ ਗਰੀਬ ਆਪਣੀਆਂ ਧੀਆਂ ਦੇ ਵਿਆਹਾਂ ਦੀ ਲਗਾਤਾਰ ਚਿੰਤਾ ਕਰਦੇ ਰਹਿੰਦੇ ਹਨ | ਇਸ ਸਮੱਸਿਆ ਨੂੰ ਪਛਾਣਦੇ ਹੋਏ, ਪੰਜਾਬ ਕਿ੍ਸ਼ਚੀਅਨ ਯੂਥ ਫੈਲੋਸ਼ਿਪ ਨੇ ਆਪਣੇ ਟੀਮ ਮੈਂਬਰਾਂ ਨਾਲ ਮਿਲ ਕੇ ਧੀ ਦੇ ਵਿਆਹ ਦੀ ਮਦਦ ਕਰਨ ਲਈ ਪੂਰਾ ਖਰਚਾ ਚੁੱਕਿਆ |