ਧਾਰੀਵਾਲ, 31 ਅਕਤੂਬਰ (ਸਵਰਨ ਸਿੰਘ)-ਸਥਾਨਕ ਸ਼ਹਿਰ ਧਾਰੀਵਾਲ ਵਾਸੀ ਇਕ ਮਹਿਲਾ ਰੰਜੂ (ਕਾਲਪਨਿਕ) ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦੱਸਿਆ ਕਿ ਉਹ ਇਕ ਪ੍ਰਾਈਵੇਟ ਸਕੂਲ ਵਿਚ ਨੌਕਰੀ ਕਰਦੀ ਹੈ, ਜਿਸ ਨੇ ਮਨਜੀਤ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਮੂਲਿਆਂਵਾਲ ਕੋਲੋਂ 20,000 ਰੁਪਏ ਉਧਾਰ ਲਏ ਸਨ, ਜਿਸ ਨੂੰ ਉਸ ਵਲੋ 2 ਵਾਰ ਵਿਚ 10, 10 ਹਜ਼ਾਰ ਰੁਪਏ ਕਰਕੇ ਵਾਪਸ ਕਰ ਦਿੱਤੇ ਸਨ ਤੇ ਉਕਤ ਰਕਮ ਦੇ ਸਬੰਧ 'ਚ 20 ਚੈੱਕ ਸਕਿਓਰਿਟੀ ਵਜੋਂ ਦਿੱਤੇ ਸਨ, ਜੋ ਮਨਜੀਤ ਸਿੰਘ ਨੇ ਵਾਪਸ ਨਹੀਂ ਕੀਤੇ ਤੇ ਮਨਜੀਤ ਸਿੰਘ ਵਲੋਂ ਉਸ ਦੇ ਮੋਬਾਇਲ 'ਤੇ ਅਸ਼ਲੀਲ ਵੀਡੀਓ ਭੇਜੀ | ਇਸ ਤੋਂ ਇਲਾਵਾ ਜਦੋਂ ਉਹ ਸਕੂਲ ਜਾ ਰਹੀ ਸੀ ਤਾਂ ਮਨਜੀਤ ਸਿੰਘ ਨੇ ਰਸਤਾ ਰੋਕ ਕੇ ਧਮਕੀਆਂ ਦਿੱਤੀਆਂ | ਇਸ ਤੋਂ ਬਾਅਦ ਵੀ 28 ਅਕਤੂਬਰ ਨੂੰ ਬਿਜਲੀ ਘਰ ਧਾਰੀਵਾਲ ਦੇ ਕੋਲ ਰਸਤਾ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਤੇ ਧਮਕੀਆਂ ਦਿੱਤੀਆਂ ਹਨ | ਥਾਣਾ ਧਾਰੀਵਾਲ ਦੇ ਸਬ-ਇੰਸਪੈਕਟਰ ਯੂਸਫ਼ ਮਸੀਹ ਨੇ ਉਕਤ ਮਹਿਲਾ ਦੇ ਬਿਆਨਾਂ 'ਤੇ ਮਨਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਵਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |