ਘੁਮਾਣ, 4 ਨਵੰਬਰ (ਬੰਮਰਾਹ)-ਕਸਬਾ ਘੁਮਾਣ ਤੇ ਨਜ਼ਦੀਕੀ ਪਿੰਡਾਂ ਵਿਚ ਨਸ਼ੇ ਪੂਰੀ ਤਰ੍ਹਾਂ ਖਤਮ ਨਹੀਂ ਹੋਏ, ਪਰ ਸਰਕਾਰ ਦੇ ਖੂਫੀਆ ਵਿਭਾਗ ਵਲੋਂ ਸਰਕਾਰ ਨੂੰ ਭੇਜੀਆਂ ਜਾ ਰਹੀਆਂ ਰਿਪੋਰਟਾਂ ਵਿਚ ਨਸ਼ਾ ਖਤਮ ਹੋ ਚੁੱਕਾ ਹੈ | ਘੁਮਾਣ ਤੇ ਨਜ਼ਦੀਕੀ ਪਿੰਡਾਂ ਜਿਨਾਂ ਵਿਚ ਦਕੋਹਾ, ਪੇਰੋਸ਼ਾਹ, ਭੋਮਾ ਬੋਹਜਾ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਵਿਚ ਨਸ਼ਿਆਂ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ, ਪਰ ਨਸ਼ੇ ਨਾਲ ਹੋਈਆਂ ਮੌਤਾਂ ਦੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਰਿਹਾ ਕਿਉਂਕਿ ਪਰਿਵਾਰਕ ਮੈਂਬਰ ਕਿਸੇ ਨਵੇਂ ਝਮੇਲੇ ਵਿਚ ਫਸਣਾ ਨਹੀਂ ਚਾਹੁੰਦੇ | ਕੁਝ ਦਿਨ ਪਹਿਲਾਂ ਪਿੰਡ ਬੋਹਜਾ ਤੋਂ ਪਿੰਡ ਚੂੰਗ ਦੇ ਇਕ ਨੌਜਵਾਨ ਜੋਗਾ ਸਿੰਘ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਬਰਾਮਦ ਹੋਣ ਉਪਰੰਤ ਥਾਣਾ ਘੁਮਾਣ ਵਿਖੇ ਚਾਰ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ, ਜਿਨਾਂ ਵਿਚੋਂ 2 ਨੂੰ ਗਿ੍ਫਤਾਰ ਕਰ ਲਿਆ ਗਿਆ ਸੀ | ਇਸੇ ਤਰ੍ਹਾਂ ਪਿੰਡ ਭੋਮਾ ਵਿਖੇ ਕੁਝ ਦਿਨ ਪਹਿਲਾਂ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ ਹੋਈ, ਪਰ ਪਰਿਵਾਰਕ ਮੈਂਬਰਾਂ ਨੇ ਇਸ ਝਮੇਲੇ 'ਚ ਪੈਣ ਦੀ ਬਜਾਏ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ | ਕੁਝ ਦਿਨ ਪਹਿਲਾਂ ਪਿੰਡ ਦਕੋਹਾ ਵਿਖੇ ਨਸ਼ੇ ਦੀ ਓਵਰਡੋਜ ਨਾਲ ਮੌਤਾਂ ਹੋਈਆਂ, ਪਰ ਉਨ੍ਹਾਂ ਵਲੋਂ ਵੀ ਸ਼ਿਕਾਇਤ ਦਰਜ ਕਰਵਾਉਣ ਦੀ ਬਜਾਏ ਅੰਤਿਮ ਸੰਸਕਾਰ ਕਰਨ ਵਿਚ ਹੀ ਭਲਾਈ ਸਮਝੀ | ਕੁਝ ਵਿਅਕਤੀਆਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸੂਰਤ ਵਿਚ ਦੱਸਿਆ ਕਿ ਬੀਤੀ ਕੱਲ੍ਹ ਵੀ ਪਿੰਡ ਦਕੋਹਾ ਵਿਚ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਈ ਅਤੇ ਉਸ ਨੌਜਵਾਨ ਨੂੰ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ, ਉਸ ਵਕਤ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਬਾਂਹ ਵਿਚ ਨਸ਼ੇ ਦਾ ਟੀਕਾ ਲੱਗਾ ਮਿਲਿਆ | ਪਰਿਵਾਰਕ ਮੈਂਬਰਾਂ ਵਲੋਂ ਪੁਲਿਸ ਨੂੰ ਸ਼ਿਕਾਇਤ ਨਹੀਂ ਦਰਜ ਕਰਵਾਈ | ਇਸੇ ਤਰ੍ਹਾਂ ਪਿੰਡ ਪੇਰੋਸ਼ਾਹ ਵਿਖੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਦੀ ਭਰਮਾਰ ਹੈ | ਪਿੰਡ ਦੇ ਲੋਕ ਨਿੱਤ ਹੋ ਰਹੀਆਂ ਚੋਰੀਆਂ ਤੋਂ ਦੁਖੀ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਪਿੰਡਾਂ ਦੇ ਲੋਕ ਭਾਵੇਂ ਪੁਲਿਸ ਨੂੰ ਨਹੀਂ ਦੱਸ ਰਹੇ, ਪਰ ਗੁਪਤ ਤੌਰ 'ਤੇ ਲੋਕ ਪਿੰਡਾਂ ਵਿਚ ਇਨ੍ਹਾਂ ਨਸ਼ੇੜੀਆਂ ਅਤੇ ਨਸ਼ਾ ਵੇਚਣ ਵਾਲਿਆਂ ਤੋਂ ਬੇਹੱਦ ਦੁਖੀ ਹਨ | ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਵਿਅਕਤੀ ਨਸ਼ਾ ਕਰਦੇ ਸਨ, ਉਹੀ ਨਸ਼ਾ ਵੇਚ ਰਹੇ ਹਨ, ਪਰ ਇਸ ਨਸ਼ੇ ਦੀ ਸਪਲਾਈ ਕਿੱਥੋਂ ਆ ਰਹੀ ਹੈ ਇਸ ਬਾਰੇ ਕਿਸੇ ਨੂੰ ਨਹੀਂ ਪਤਾ | ਪੁਲਿਸ ਦਾ ਖੂਫੀਆ ਵਿਭਾਗ ਭਾਵੇਂ ਹਰ ਪੁਲਿਸ ਸਟੇਸ਼ਨ ਵਿਚ ਹੈ, ਪਰ ਕੇਵਲ ਤੇ ਕੇਵਲ ਖੂਫੀਆ ਵਿਭਾਗ ਦੇ ਮੁਲਾਜ਼ਮ ਸਰਕਾਰੀ ਰਿਪੋਰਟਾਂ ਦੀ ਖਾਨਾਪੂਰਤੀ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਰਹੇ |