ਗੁਰਦਾਸਪੁਰ, 21 ਨਵੰਬਰ (ਪੰਕਜ ਸ਼ਰਮਾ)- ਨਗਰ ਕੌਂਸਲ ਗੁਰਦਾਸਪੁਰ ਦੀ ਮੀਟਿੰਗ ਐਡਵੋਕੇਟ ਪ੍ਰਧਾਨ ਬਲਜੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਾਰੇ ਕੌਂਸਲਰਾਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਨਗਰ ਕੌਂਸਲ ਹਾਊਸ ਵਲੋਂ ਨੌ ਕਰੋੜ ਦੇ ਵਿਕਾਸ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ | ਇਸ ਮੌਕੇ ਪ੍ਰਧਾਨ ਐਡਵੋਕੇਟ ਪਾਹੜਾ ਨੇ ਦੱਸਿਆ ਕਿ ਸ਼ਹਿਰ ਦੀਆਂ 14.5 ਕਿੱਲੋਮੀਟਰ ਸੜਕਾਂ ਦੇ ਨਵੀਨੀਕਰਨ ਵਿਚ ਗੀਤਾ ਭਵਨ ਰੋਡ, ਹਨੂੰਮਾਨ ਚੌਕ, ਜਹਾਜ਼ ਚੌਕ, ਸ਼ਹੀਦ ਪਾਰਕ ਤੋਂ ਪੰਚਾਇਤ ਭਵਨ, ਬੈਕ ਸਾਈਡ ਬੱਸ ਸਟੈਂਡ, ਜੇਲ੍ਹ ਰੋਡ, ਡਾਕਖ਼ਾਨਾ ਚੌਕ, ਨਗਰ ਕੌਂਸਲ ਦਫ਼ਤਰ, ਗੁਰੂ ਨਾਨਕ ਪਾਰਕ, ਬਟਾਲਾ ਚੌਕ, ਬਾਟਾ ਚੌਕ, ਮੱਛੀ ਮੰਡੀ, ਹਰਦੋਛੰਨੀ ਰੋਡ ਤੋਂ ਨਬੀਪੁਰ ਕਾਲੋਨੀ, ਸ਼ਿਵ ਮੰਦਰ ਤੋਂ ਬਾਬੋਵਾਲ, ਲਿੱਤਰ, ਬਹਿਰਾਮਪੁਰ ਰੋਡ, ਇੰਪਰੂਵਮੈਂਟ ਟਰੱਸਟ ਸਕੀਮ ਨੰਬਰ ਇਕ ਬਟਾਲਾ ਰੋਡ, ਸਕੀਮ ਨੰਬਰ ਪੰਜ ਜੇਲ੍ਹ ਰੋਡ, ਵਾਰਡ ਨੰਬਰ 2, ਸੰਗਲਪੁਰਾ ਰੋਡ, ਸ਼ਹਿਜ਼ਾਦਾ ਨੰਗਲ, ਬਾਜਵਾ ਕਲੋਨੀ, ਦੁਰਗਾ ਮੰਦਰ ਰੋਡ, ਸੀਵਰੇਜ ਬੋਰਡ ਦਫ਼ਤਰ ਤੋਂ ਬਾਬਾ ਬੰਦਾ ਸਿੰਘ ਬਹਾਦਰ ਪਾਰਕ, ਮੇਹਰ ਚੰਦ ਰੋਡ ਤੋਂ ਅਬਰੋਲ ਹਸਪਤਾਲ, ਕੈਲਾਸ਼ ਇਨਕਲੇਵ ਤੇ ਪਿੰਡ ਔਜਲਾ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਪਾਣੀ ਦੀ ਸਪਲਾਈ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਪੰਜ ਨਵੇਂ ਪੰਪ ਲਗਾਏ ਜਾ ਰਹੇ ਹਨ | ਜਦੋਂ ਕਿ 17.93 ਕਰੋੜ 93 ਲੱਖ 25 ਹਜ਼ਾਰ ਦੀ ਲਾਗਤ ਨਾਲ ਪਾਣੀ ਦੀ ਸਪਲਾਈ ਲਾਈਨ, ਇਕ ਨਵਾਂ ਪੰਪ, ਬਟਾਲਾ ਰੋਡ ਸ਼ਮਸ਼ਾਨਘਾਟ ਨੇੜੇ ਟੈਂਕ, ਨਬੀਪੁਰ, ਬਾਬੋਵਾਲ, ਰਾਜਿੰਦਰਾ ਗਾਰਡਨ ਤੇ ਪੰਚਾਇਤ ਭਵਨ ਨੇੜੇ ਪਾਣੀ ਸਪਲਾਈ ਪਾਈਪਲਾਈਨ, ਇਕ ਪੰਪ 'ਤੇ ਇਕ ਟੈਂਕ ਲਗਾਇਆ ਜਾ ਰਿਹਾ ਹੈ | ਗੋਬਿੰਦ ਨਗਰ, ਰਾਮ ਸ਼ਰਨਮ, ਨਬੀਪੁਰ, ਬੇਗਮਪੁਰਾ ਇਨਕਲੇਵ ਅਤੇ ਵੇਰਕਾ ਨੇੜੇ ਪਾਣੀ ਦੀ ਸਪਲਾਈ ਲਾਈਨਾਂ ਵਿਛਾਉਣ ਤੋਂ ਇਲਾਵਾ ਪੁਰਾਣੀਆਂ ਦੀ ਮੁਰੰਮਤ ਕੀਤੀ ਜਾਵੇਗੀ | ਇਸ ਤੋਂ ਇਲਾਵਾ 10 ਕਰੋੜ ਦੀ ਲਾਗਤ ਨਾਲ ਆਈ.ਟੀ.ਆਈ. 'ਚ ਸੀਵਰੇਜ ਤੇ ਇੰਟਰਮੀਡੀਏਟ ਪੰਪਿੰਗ ਸਟੇਸ਼ਨ, ਬਾਜਵਾ ਕਲੋਨੀ 'ਚ ਇਕ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਲਗਾਇਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਕੰਮ ਸ਼ੁਰੂ ਹੋ ਜਾਵੇਗਾ | ਐਡਵੋਕੇਟ ਪਾਹੜਾ ਨੇ ਦੱਸਿਆ ਕਿ ਨਗਰ ਕੌਂਸਲ ਸ਼ਹਿਰ 'ਚ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਲਈ ਲਗਪਗ 80 ਕਰੋੜ ਖ਼ਰਚ ਕਰ ਰਹੀ ਹੈ | ਇਸ ਉਦੇਸ਼ ਲਈ 3.21 ਕਰੋੜ ਦੀ ਲਾਗਤ ਨਾਲ ਛੇ ਏਕੜ ਜ਼ਮੀਨ ਖ਼ਰੀਦੀ ਹੈ | ਇਸ ਪ੍ਰੋਜੈਕਟ ਲਈ ਸਾਰਾ ਫ਼ੰਡ ਕੇਂਦਰ ਸਰਕਾਰ ਪ੍ਰਦਾਨ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਸ਼ਹਿਰ ਦੇ ਪੁਰਾਣੇ ਹਸਪਤਾਲ ਨੂੰ ਦੁਬਾਰਾ ਖੋਲ੍ਹਣ ਦਾ ਜ਼ੋਰਦਾਰ ਪ੍ਰਚਾਰ ਕੀਤਾ ਸੀ ਪਰ ਹੁਣ ਸਰਕਾਰ ਇਸ ਜਗ੍ਹਾ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ | ਜਦੋਂ ਕਿ ਪੀ.ਡਬਲਿਯੂ.ਡੀ. ਰੈਸਟ ਹਾਊਸ ਸਾਈਟ ਨੂੰ ਵੇਚਣ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਦੋਵਾਂ ਥਾਵਾਂ ਨੂੰ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ | ਪ੍ਰਧਾਨ ਪਾਹੜਾ ਨੇ ਦੱਸਿਆ ਕਿ ਸ਼ਹਿਰ 'ਚ ਕੂੜੇ ਦੀ ਸਮੱਸਿਆ ਦਾ ਮੁੱਖ ਕਾਰਨ ਨਗਰ ਕੌਂਸਲ ਕੋਲ ਕੂੜੇ ਦੇ ਨਿਪਟਾਰੇ ਲਈ ਜਗ੍ਹਾ ਦੀ ਘਾਟ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਨੇ ਸ਼ਹਿਰ ਦੇ ਨੇੜੇ ਜ਼ਮੀਨ ਖ਼ਰੀਦੀ ਹੈ ਪਰ ਮੌਜੂਦਾ ਸਰਕਾਰ ਦੇ ਆਗੂ ਇਸ ਨੰੂ ਚਾਲੂ ਹੋਣ ਤੋਂ ਰੋਕ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਲਦ ਕੂੜੇ ਦੇ ਨਿਪਟਾਰੇ ਲਈ ਜਗ੍ਹਾ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਹੈ ਪਰ ਮੌਜੂਦਾ ਸਰਕਾਰ ਦੇ ਆਗੂ ਰੁਕਾਵਟਾਂ ਪੈਦਾ ਕਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ਤੋਂ ਉਹ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਸਹਿਯੋਗ ਨਾਲ ਨਿੱਜੀ ਤੌਰ 'ਤੇ ਕੂੜੇ ਦੇ ਡੰਪ ਦਾ ਪ੍ਰਬੰਧ ਕਰ ਰਹੇ ਹਨ | ਪ੍ਰਧਾਨ ਪਾਹੜਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਆਗੂ ਆਪਣੀ ਸਰਕਾਰ ਤੋਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿਵਾਉਣ ਦੀ ਬਜਾਏ ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਨੂੰ ਆਪਣੇ ਹੋਣ ਦਾ ਦਾਅਵਾ ਕਰਕੇ ਝੂਠੀ ਪ੍ਰਸੰਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਪਾਰਟੀ ਨੂੰ ਖੁੱਲ੍ਹ ਕੇ ਚੁਨੌਤੀ ਦਿੱਤੀ ਹੈ ਕਿ ਉਹ ਕਿਸੇ ਵੀ ਸਮੇਂ ਦਸਤਾਵੇਜ਼ਾਂ ਦੇ ਆਧਾਰ 'ਤੇ ਉਨ੍ਹਾਂ ਵਲੋਂ ਪ੍ਰਦਾਨ ਕੀਤੇ ਪ੍ਰੋਜੈਕਟਾਂ 'ਤੇ ਬਹਿਸ ਕਰਨ |