ਬਟਾਲਾ, 21 ਨਵੰਬਰ (ਸਤਿੰਦਰ ਸਿੰਘ)- ਸਥਾਨਕ ਜਲੰਧਰ ਰੋਡ ਉੱਪਰ ਸੇਠ ਟੈਲੀਕਾਮ ਦੀ ਦੁਕਾਨ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾ ਦਿੱਤੀ ਗਈ, ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ | ਦੁਕਾਨ ਦੇ ਮਾਲਕ ਗੌਤਮ ਗੁੱਡੂ ਸੇਠ ਨੇ ਦੱਸਿਆ ਕਿ ਸ਼ਾਮ 6:30 ਵਜੇ ਮੇਰੀ ਦੁਕਾਨ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ 'ਚੋਂ ਇਕ ਨੇ ਗੋਲੀ ਚਲਾਈ, ਜਿਸ ਨਾਲ ਦੁਕਾਨ ਦਾ ਸ਼ੀਸ਼ਾ ਟੁੱਟ ਕੇ ਚਕਨਾਚੂਰ ਹੋ ਗਿਆ | ਗੁੱਡੂ ਸੇਠ ਨੇ ਦੱਸਿਆ ਕਿ ਮੈਂ ਦੁਕਾਨ ਦੇ ਦਫਤਰ ਵਿਚ ਬੈਠਾ ਸੀ ਤੇ ਮੇਰੇ 5-7 ਮੁਲਾਜ਼ਮ ਕਾਊਾਟਰ 'ਤੇ ਕੰਮ ਕਰ ਰਹੇ ਸਨ ਜਿਨ੍ਹਾਂ ਨੇ ਦੁਕਾਨ ਅੰਦਰ ਛਿਪ ਕੇ ਜਾਨ ਬਚਾਈ | ਉਹਨਾਂ ਦੱਸਿਆ ਕਿ ਗੋਲੀ ਚੱਲਣ ਨਾਲ ਅਗਲੇ ਪਾਸੇ ਹਫੜਾ-ਦਫੜੀ ਪੈ ਗਈ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ | ਗੌਤਮ ਗੁੱਡੂ ਸੇਠ ਨੇ ਕਿਹਾ ਕਿ ਮੈਨੂੰ ਪਹਿਲਾਂ ਵੀ ਫਿਰੌਤੀ ਮੰਗਣ ਦੀਆਂ ਧਮਕੀਆਂ ਆਈਆਂ ਸਨ, ਜਿਸ ਸਬੰਧੀ ਮੈਂ ਥਾਣਾ ਸਿਟੀ ਬਟਾਲਾ ਵਿਖੇ ਵੀ ਸੂਚਨਾ ਦਰਜ ਕਰਵਾਈ ਸੀ | ਉਹਨਾਂ ਕਿਹਾ ਕਿ ਅੱਜ ਵੀ ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ | ਘਟਨਾ ਸਥਾਨ 'ਤੇ ਪਹੁੰਚੇ ਡੀ.ਐਸ.ਪੀ. ਸੰਜੀਵ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਇਕ ਗੋਲੀ ਚਲਾਈ ਗਈ ਹੈ, ਜਿਸ ਨਾਲ ਦੁਕਾਨ ਦਾ ਸ਼ੀਸ਼ਾ ਟੁੱਟਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ, ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ | ਮੌਕੇ 'ਤੇ ਪਹੁੰਚ ਕੇ ਸਾਬਕਾ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਨਰੇਸ਼ ਮਹਾਜਨ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ ਨੇ ਜਿੱਥੇ ਇਸ ਘਟਨਾ ਦੀ ਨਿਖੇਧੀ ਕੀਤੀ ਉੱਥੇ ਮੌਜੂਦਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੀ ਘਟਨਾ ਸਥਾਨ 'ਤੇ ਪਹੁੰਚੇ ਤੇ ਉਹਨਾਂ ਕਿਹਾ ਕਿ ਪੁਲਿਸ ਇਸ ਘਟਨਾ ਦੀ ਜਾਂਚ ਸੰਬੰਧੀ ਆਪਣਾ ਕੰਮ ਕਰ ਰਹੀ ਹੈ ਤੇ ਜਲਦੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ |