ਬਟਾਲਾ, 21 ਨਵੰਬਰ (ਸਤਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ: ਹਰਜਿੰਦਰ ਸਿੰਘ ਧਾਮੀ ਦੀ ਸਰਪ੍ਰਸਤੀ ਹੇਠ, ਸਕੱਤਰ ਵਿੱਦਿਆ ਇੰਜੀਨੀਅਰ ਸ: ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਪਿ੍ੰਸੀਪਲ ਡਾ. ਚਰਨਜੀਤ ਸਿੰਘ ਦੀ ਅਗਵਾਈ 'ਚ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦਾ ਕੇਂਦਰੀ ਵਿਸ਼ਾ 'ਸ੍ਰੀ ਗੁਰੂ ਤੇਗ਼ ਬਹਾਦਰ ਜੀ : ਚਿੰਤਨ ਤੋਂ ਸ਼ਹਾਦਤ' ਰੱਖਿਆ ਗਿਆ | ਸਮਾਗਮ ਦੌਰਾਨ ਦੇਸ਼ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੋਂ ਆਏ ਵਿਦਵਾਨਾਂ ਨੇ ਆਪਣੇ ਖੋਜ ਪੇਪਰ ਪੇਸ਼ ਕਰਦੇ ਹੋਏ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸੰਬੰਧੀ ਗੁਰਬਾਣੀ, ਦਰਸ਼ਨ, ਇਤਿਹਾਸ ਤੇ ਮੌਖਿਕ ਪਰੰਪਰਾ 'ਚੋਂ ਹਵਾਲੇ ਲੈ ਕੇ ਵਿਸਤਿ੍ਤ ਚਰਚਾ ਕੀਤੀ | ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ, ਭਾਸ਼ਣ ਤੇ ਮੌਲਿਕ ਲਿਖਤ ਮੁਕਾਬਲੇ ਵੀ ਕਰਵਾਏ ਗਏ | ਸਮਾਗਮ ਦੌਰਾਨ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਗੁਰਨਾਮ ਸਿੰਘ ਜੱਸਲ ਤੇ ਜਥੇ. ਗੁਰਿੰਦਰਪਾਲ ਸਿੰਘ ਗੋਰਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ ਜਦਕਿ ਅੰਤਿ੍ੰਗ ਕਮੇਟੀ ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਸੁਰਜੀਤ ਸਿੰਘ ਤੁਗਲਵਾਲ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਡਾ. ਗੁਰਵੰਤ ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਮਨੁੱਖ ਨੂੰ ਮੁਕਤੀ ਦਾ ਮਾਰਗ ਦਿਖਾਉਂਦੀ ਨਿਰਭਉ ਜੀਵਨ ਜਿਊਣ ਦੀ ਸਿੱਖਿਆ ਦਿੰਦੀ ਹੈ | ਡਾ. ਆਤਮਾ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਧਾਰਮਿਕ ਆਜ਼ਾਦੀ, ਮਨੁੱਖਤਾ ਤੇ ਨੈਤਿਕਤਾ ਦੀ ਸਿਰਮੌਰ ਮਿਸਾਲ ਹੈ | ਉੱਘੇ ਵਿਦਵਾਨ ਭਾਈ ਗੁਰਮੁਖ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਮਨੁੱਖ ਨੂੰ ਅਧਿਆਤਮਿਕਤਾ ਨਾਲ ਜੋੜਦੀ ਹੈ | ਪ੍ਰੋ. ਵਿਸ਼ਵਦੀਪ ਸਿੰਘ ਨੇ ਸਮੇਂ ਦੀਆਂ ਰਾਜਸੀ ਪ੍ਰਸਥਿਤੀਆਂ ਅਤੇ ਇਤਿਹਾਸਕ ਚੁਣੌਤੀਆਂ ਦਾ ਵਿਸਤਿ੍ਤ ਵਿਵਰਣ ਦਿੱਤਾ | ਪਿ੍ੰਸੀਪਲ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਬਟਾਲਾ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਿੱਖ ਇਤਿਹਾਸ, ਸਿੱਖ ਧਰਮ, ਇਤਿਹਾਸ, ਫਲਸਫ਼ੇ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਦਾ ਰਹੇਗਾ | ਭਾਈ ਸਿਮਰਨਜੀਤ ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਮਨੱਖੀ ਆਜ਼ਾਦੀ ਦੇ ਨਵੇਂ ਰਾਹ ਖੋਲ੍ਹੇ | ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ ਗੁਰੂ ਵੱਲ ਮੁੱਖ ਕਰ ਕੇ ਮੁਕਤੀ ਪ੍ਰਾਪਤ ਕੀਤੀ | ਪ੍ਰੋ. ਰਮਨਪ੍ਰੀਤ ਕੌਰ ਨੇ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਨੇ ਧਾਰਮਿਕ ਆਜ਼ਾਦੀ ਦਾ ਸਮੁੱਚੇ ਸੰਸਾਰ ਨੂੰ ਉਪਦੇਸ਼ ਦਿੱਤਾ ਹੈ | ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਬੀਰ ਸਿੰਘ ਬਰਾੜ ਨੇ ਕੀਤਾ | ਇਸ ਮੌਕੇ ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਨਵਦੀਪ ਕੌਰ, ਪ੍ਰੋ. ਸ਼ਹਿਬਾਜਦੀਪ ਸਿੰਘ ਨੇ ਵੀ ਪੇਪਰ ਪੜ੍ਹੇ | ਇਸ ਮੌਕੇ ਪ੍ਰੋ. ਨਵਤੇਜ ਕੌਰ ਬੇਦੀ, ਡਾ. ਮਨਦੀਪ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਗੁਰਦੀਪ ਕੌਰ, ਪ੍ਰੋ. ਰਾਜਬੀਰ ਕੌਰ, ਪ੍ਰੋ. ਸ਼ੁਭਪ੍ਰੀਤ ਕੌਰ, ਪ੍ਰੋ. ਗੁਰਮੁਖ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਨੇਹਾ, ਪ੍ਰੋ. ਹਰਮਨਦੀਪ ਕੌਰ, ਪ੍ਰੋ. ਗੁਰਸ਼ਰਨ ਕੌਰ, ਪ੍ਰੋ. ਮਨਮੀਤ ਕੌਰ, ਪ੍ਰੋ. ਕਵਲਦੀਪ ਕੌਰ, ਪ੍ਰੋ. ਅਮਨਦੀਪ ਕੌਰ, ਸੁਪਰਡੈਂਟ ਗੁਰਭੇਜ ਸਿੰਘ, ਗੁਰਪਿੰਦਰ ਸਿੰਘ, ਕਸ਼ਮੀਰ ਸਿੰਘ, ਪਲਵਿੰਦਰ ਸਿੰਘ, ਬਲਕਾਰ ਸਿੰਘ ਆਦਿ ਹਾਜ਼ਰ ਸਨ |