ਕਾਦੀਆਂ, 12 ਨਵੰਬਰ (ਹਰਦੀਪ ਸਿੰਘ ਸੰਧੂ)-ਹਲਕਾ ਇੰਚਾਰਜ ਕਾਦੀਆਂ ਸ: ਜਗਰੂਪ ਸਿੰਘ ਸੇਖਵਾਂ ਨੇ ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਵਲੋਂ ਅਮਰੁਤ 2.0 ਸਕੀਮ ਅਧੀਨ ਕਾਦੀਆਂ ਸ਼ਹਿਰ ਲਈ 952.98 ਲੱਖ ਰੁਪਏ ਦੀ ਪਾਣੀ ਸਪਲਾਈ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਸ਼ਹਿਰ ਵਿਚ 26.55 ਕਿਲੋਮੀਟਰ ਨਵੀਆਂ ਪਾਈਪ ਲਾਈਨਾਂ ਵਿਛਾਈਆਂ ਜਾਣਗੀਆਂ ਅਤੇ ਪੁਰਾਣੀਆਂ ਖ਼ਰਾਬ ਲਾਈਨਾਂ ਦੀ ਤਬਦੀਲੀ ਕੀਤੀ ਜਾਵੇਗੀ | ਇਸ ਦੇ ਨਾਲ ਹੀ 8.5 ਕਿਲੋਮੀਟਰ ਦੀ ਨਵੀਂ ਵੰਡ ਪ੍ਰਣਾਲੀ ਤਿਆਰ ਕੀਤੀ ਜਾਵੇਗੀ ਤਾਂ ਜੋ ਪੂਰੇ ਸ਼ਹਿਰ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲ ਸਕੇ | ਸ: ਸੇਖਵਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ 1485 ਘਰਾਂ ਨੂੰ ਨਿਰੰਤਰ ਪਾਣੀ ਦੀ ਸਪਲਾਈ ਮਿਲੇਗੀ | ਉਨ੍ਹਾਂ ਕਿਹਾ ਕਿ ਕਾਦੀਆਂ ਦੇ ਵਸਨੀਕਾਂ ਨੂੰ ਕਈ ਸਾਲਾਂ ਤੋਂ ਪਾਣੀ ਸਪਲਾਈ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜੋ ਹੁਣ ਇਸ ਪ੍ਰੋਜੈਕਟ ਨਾਲ ਦੂਰ ਹੋਣਗੀਆਂ | ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮੰਤਰੀ ਡਾ. ਰਵਜੋਤ ਸਿੰਘ ਦੀ ਵਿਅਕਤੀਗਤ ਦਿਲਚਸਪੀ ਤੇ ਸਾਕਾਰਾਤਮਕ ਰਵੱਈਏ ਨਾਲ ਸੰਭਵ ਹੋਇਆ ਹੈ, ਉਹ ਕਾਦੀਆਂ ਹਲਕੇ ਦੇ ਹਰ ਪੱਖੋਂ ਵਿਕਾਸ ਲਈ ਵਚਨਬੱਧ ਹਨ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਇਹ ਪ੍ਰੋਜੈਕਟ ਸਮੇਂ ਸਿਰ ਪੂਰਾ ਹੋਵੇ |