ਬਟਾਲਾ, 22 ਨਵੰਬਰ (ਸਤਿੰਦਰ ਸਿੰਘ)- ਬੀਤੇ ਦਿਨੀਂ ਐਸ.ਏ.ਐਸ. ਨਗਰ ਮੁਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਗਈ ਸੂਬਾ ਪੱਧਰੀ ਨੈਸ਼ਨਲ ਕਬੱਡੀ ਖੇਡ ਵਿਚ ਭਾਗ ਲੈਂਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਭਰਥ, ਜ਼ਿਲ੍ਹਾ ਗੁਰਦਾਸਪੁਰ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰ ਕੇ ਟਰਾਫੀ ਹਾਸਲ ਕੀਤੀ ਤੇ ਜ਼ਿਲ੍ਹੇ ਤੇ ਸਕੂਲ ਦਾ ਨਾਂਅ ਪੰਜਾਬ ਭਰ ਵਿਚ ਰੌਸ਼ਨ ਕੀਤਾ | ਬਲਾਕ ਸਿੱਖਿਆ ਅਫ਼ਸਰ ਕਾਦੀਆਂ-1 ਤਰਸੇਮ ਸਿੰਘ ਰਿਆੜ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੰਦਿਆਂ ਖੇਡਾਂ 'ਚ ਹੋਰ ਮੱਲ੍ਹਾਂ ਮਾਰਨ ਲਈ ਪ੍ਰੇਰਿਆ | ਜੇਤੂ ਟੀਮ ਦਾ ਸਕੂਲ ਪਹੁੰਚਣ 'ਤੇ ਸਵਾਗਤ ਵੀ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਨ੍ਹਾਂ ਬੱਚਿਆਂ ਨੇ ਪਹਿਲਾਂ ਸੈਂਟਰ, ਫਿਰ ਬਲਾਕ ਤੇ ਫਿਰ ਜ਼ਿਲ੍ਹਾ ਪੱਧਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਤੇ ਉਸ ਤੋਂ ਉਪਰੰਤ ਸੂਬਾ ਪੱਧਰੀ ਖੇਡਾਂ, ਜੋ ਐਸ.ਏ.ਐਸ. ਨਗਰ ਮੁਹਾਲੀ ਵਿਖੇ ਹੋਈਆਂ, 'ਚ ਭਾਗ ਲੈਣ ਗਏ ਸਨ | ਇਨ੍ਹਾਂ ਬੱਚਿਆਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਦੇ ਸੀ.ਐਚ.ਟੀ. ਕੁਲਵਿੰਦਰ ਸਿੰਘ ਰਿਆੜ, ਕੋਚ ਜਗਦੇਵ ਸਿੰਘ ਪੰਨੂੰ ਤੇ ਸੀਮਾ ਰਾਣੀ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |