ਗੁਰਦਾਸਪੁਰ, 22 ਨਵੰਬਰ (ਅਸ਼ੋਕ ਸ਼ਰਮਾ)- ਸਥਾਨਕ ਸ਼ਹਿਰ ਦੇ ਜੇਲ੍ਹ ਰੋਡ ਗੁਰਦਾਸਪੁਰ ਤੋਂ ਅੱਬੁਲਖੈਰ-ਧਾਰੋਚੱਕ ਨੰੂ ਜਾਣ ਵਾਲੀ ਖਸਤਾ ਹਾਲਤ ਸੜਕ ਰਾਹਗੀਰਾਂ ਲਈ ਮੁਸੀਬਤ ਬਣੀ ਹੋਈ ਹੈ | ਇਸ ਸੜਕ ਵਿਚ ਥਾਂ-ਥਾਂ ਡੂੰਘੇ ਟੋਏ ਪਏ ਹੋਣ ਕਰਕੇ ਲੋਕ ਕਈ ਵਾਰ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਲੋਕ ਨਿਰਮਾਣ ਵਿਭਾਗ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਸਮਾਜ ਸੇਵਕ ਗੁਰਭੇਜ ਸਿੰਘ ਔਲਖ ਅਤੇ ਇਸ ਸੜਕ ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਕਤ ਜੇਲ੍ਹ ਰੋਡ ਵਾਲੀ ਸੜਕ ਜੋ ਦੀਨਾਨਗਰ ਜਾ ਨਿਕਲਦੀ ਹੈ ਅਤੇ ਇਸ ਸੜਕ 'ਤੇ ਦੀਨਾਨਗਰ ਪਠਾਨਕੋਟ ਨੰੂ ਜਾਣ ਲਈ ਵਾਹਨਾਂ ਦੀ ਹਮੇਸ਼ਾ ਹੀ ਆਵਾਜਾਈ ਰਹਿੰਦੀ ਹੈ ਪਰ ਉਕਤ ਸੜਕ ਥਾਂ ਥਾਂ ਤੋਂ ਟੁੱਟੀ ਹੋਣ ਅਤੇ ਡੂੰਘੇ ਟੋਏ ਪੈਣ ਕਾਰਨ ਲੋਕਾਂ ਨੰੂ ਲੰਘਣ ਵੇਲੇ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਪਿਛਲੇ ਦੋ ਸਾਲ ਤੋਂ ਇਸ ਸੜਕ ਦੀ ਕੋਈ ਵੀ ਮੁਰੰਮਤ ਨਹੀਂ ਕਰਵਾਈ ਗਈ | ਜਿਸ ਦੇ ਚੱਲਦਿਆਂ ਲੋਕ ਖਸਤਾ ਹਾਲਤ ਸੜਕ ਕਾਰਨ ਸੰਤਾਪ ਹੰਢਾ ਰਹੇ ਹਨ | ਲੋਕਾਂ ਨੇ ਦੱਸਿਆ ਕਿ ਇਹ ਸੜਕ ਸ਼ਹਿਰ ਦੀ ਮੁੱਖ ਸੜਕ ਹੈ ਪਰ ਸੜਕ ਟੁੱਟਣ ਕਾਰਨ ਕਈ ਵਾਰ ਮੀਂਹ ਦੇ ਦਿਨਾਂ 'ਚ ਪਾਣੀ ਇਨ੍ਹਾਂ ਟੋਇਆਂ ਵਿਚ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਰਾਹਗੀਰ ਡਿੱਗ ਕੇ ਸੱਟਾਂ ਆਦਿ ਵੀ ਲਗਵਾ ਚੁੱਕੇ ਹਨ ਉੱਥੇ ਹੀ ਸਕੂਲੀ ਵਿਦਿਆਰਥੀਆਂ ਨੰੂ ਵੀ ਲੰਘਣ ਵੇਲੇ ਪ੍ਰੇਸ਼ਾਨੀ ਪੇਸ਼ ਆਉਂਦੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਉਕਤ ਸੜਕ ਦੀ ਫ਼ੌਰੀ ਮੁਰੰਮਤ ਕਰਵਾਉਣ ਲਈ ਸਬੰਧਿਤ ਵਿਭਾਗ ਨੰੂ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦੀ ਇਸ ਮੁਸ਼ਕਿਲ ਦਾ ਹੱਲ ਹੋ ਸਕੇ |