ਗੁਰਦਾਸਪੁਰ, 23 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਸ਼ਹਿਰ ਅੰਦਰ ਗ਼ਲਤ ਤਰੀਕੇ ਨਾਲ ਗੱਡੀਆਂ ਲੋਕਾਂ ਵਲੋਂ ਖੜੀਆਂ ਕਰਨ ਨਾਲ ਜਾਮ ਲੱਗਣ ਨਾਲ ਲੋਕ ਅੱਧਾ-ਅੱਧਾ ਘੰਟਾ ਪ੍ਰੇਸ਼ਾਨ ਹੋਣ ਨਾਲ ਪੇਂਡੂ ਤੇ ਸ਼ਹਿਰੀ ਖੇਤਰ ਦਾ ਜਨਜੀਵਨ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਇਸ ਮੁਸ਼ਕਿਲ ਵੱਲ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਸਭ ਕੁਝ ਜਾਣਦਾ ਹੋਇਆ ਮੂਕ ਦਰਸ਼ਕ ਬਣਿਆ ਬੈਠਾ ਹੈ ਜਿਸ ਨਾਲ ਸ਼ਹਿਰ ਤੇ ਪਿੰਡ ਵਾਸੀਆਂ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਜਤਾਇਆ ਜਾ ਰਿਹਾ ਹੈ | ਇਸ ਸੰਬੰਧੀ ਸ਼ਹਿਰ ਦੀਆਂ ਵੱਖ-ਵੱਖ ਸੰਸਥਾ ਦੇ ਮੁਖੀਆਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਵਲੋਂ ਸ਼ਹਿਰ ਅੰਦਰ ਨਿੱਤ ਜਾਮ ਲੱਗਣ ਬਾਰੇ ਡਿਪਟੀ ਕਮਿਸ਼ਨਰ ਤੇ ਪੁਲਿਸ ਪ੍ਰਸ਼ਾਸਨ ਨੰੂ ਲਿਖਤੀ ਤੇ ਜੁਬਾਨੀ ਤੌਰ 'ਤੇ ਜਾਣੂ ਵੀ ਕਰਵਾਇਆ ਗਿਆ ਹੈ | ਜਦੋਂ ਕਿ ਸਬੰਧਿਤ ਵਿਭਾਗ ਇਸ ਪਾਸੇ ਬਿਲਕੁਲ ਗੰਭੀਰ ਨਹੀਂ ਹੈ ਜਿਸ ਕਰਕੇ ਲੋਕ ਕਾਫ਼ੀ ਪ੍ਰੇਸ਼ਾਨੀ ਦੇ ਆਲਮ 'ਚੋਂ ਗੁਜ਼ਰ ਰਹੇ ਹਨ | ਇਸ ਨਾਲ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ, ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਆਵਾਜਾਈ ਨੂੰ ਰੋਕਣ ਵਾਸਤੇ ਵਿਸ਼ੇਸ਼ ਉਪਰਾਲੇ ਕਰਨ ਦੀ ਲੋੜ ਹੈ ਜਿਸ ਨਾਲ ਲੋਕਾਂ ਨੰੂ ਵੱਡੇ-ਵੱਡੇ ਲੱਗ ਰਹੇ ਜਾਮਾਂ ਤੋਂ ਨਿਜਾਤ ਮਿਲ ਸਕੇ |