ਗੁਰਦਾਸਪੁਰ, 23 ਨਵੰਬਰ (ਗੁਰਪ੍ਰਤਾਪ ਸਿੰਘ)- ਅੱਜ ਏ.ਐਲ.ਸੀ. ਲੇਬਰ ਦਫ਼ਤਰ ਬਚਾਓ ਮੋਰਚਾ ਦੀ ਮੀਟਿੰਗ ਸਥਾਨਕ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿਖੇ ਏਟਕ ਦੇ ਆਗੂ ਸੁਭਾਸ਼ ਕੈਰੇ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਕਿਰਤ ਵਿਭਾਗ ਵਲੋਂ ਸਹਾਇਕ ਕਿਰਤ ਕਮਿਸ਼ਨਰ ਦਾ ਦਫ਼ਤਰ ਗੁਰਦਾਸਪੁਰ ਤੋਂ ਬਟਾਲਾ ਵਿਖੇ ਤਬਦੀਲ ਕੀਤਾ ਗਿਆ ਹੈ | ਇਸ ਦਫ਼ਤਰ ਨੂੰ ਗੁਰਦਾਸਪੁਰ ਰੱਖਣ ਲਈ 16 ਨਵੰਬਰ ਨੂੰ ਡੀ.ਸੀ. ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਉੱਪਰ ਕੋਈ ਵਿਚਾਰ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਮੀਟਿੰਗ ਦੌਰਾਨ ਮੋਰਚੇ ਵਲੋਂ 8 ਦਸੰਬਰ ਨੂੰ ਡੀ.ਸੀ. ਦਫ਼ਤਰ ਸਾਹਮਣੇ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ | ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਸਹਾਇਕ ਕਿਰਤ ਕਮਿਸ਼ਨਰ ਦਾ ਦਫ਼ਤਰ ਬਟਾਲਾ ਜਾਣ ਨਾਲ ਗੁਰਦਾਸਪੁਰ ਦੇ ਮਜ਼ਦੂਰਾਂ ਦੀ ਖੱਜਲ ਖ਼ੁਆਰੀ ਵੱਧ ਗਈ ਹੈ | ਇਸ ਤੋਂ ਪਹਿਲਾਂ ਹਰ ਬੁੱਧਵਾਰ ਸਹਾਇਕ ਕਿਰਤ ਕਮਿਸ਼ਨਰ ਵਲੋਂ ਮਜ਼ਦੂਰਾਂ ਨਾਲ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਂਦਾ ਰਿਹਾ ਹੈ | ਆਗੂਆਂ ਦੱਸਿਆ ਕਿ ਬਟਾਲਾ ਵਿਖੇ ਪਹਿਲਾਂ ਹੀ ਏ.ਐਲ.ਸੀ. ਦਫ਼ਤਰ ਮੌਜੂਦ ਹੈ | ਉਨ੍ਹਾਂ ਦੱਸਿਆ ਕਿ ਅਸਲ ਵਿਚ ਕਿਰਤ ਵਿਭਾਗ ਏ.ਐਲ.ਸੀ. ਦੀ ਅਸਾਮੀ ਨੂੰ ਖ਼ਤਮ ਕਰਨ ਦੀ ਕੋਝੀ ਚਾਲ ਚੱਲ ਰਿਹਾ ਹੈ, ਜੋ ਬਰਦਾਸ਼ਤ ਯੋਗ ਨਹੀਂ ਹੈ | ਇਸ ਮੌਕੇ ਇਫਟੂ ਦੇ ਸੂਬਾਈ ਆਗੂ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ, ਸੀ.ਟੀ.ਯੂ. ਦੇ ਧਿਆਨ ਸਿੰਘ ਠਾਕੁਰ, ਸੂਬਾਈ ਆਗੂ ਸ਼ਿਵ ਕੁਮਾਰ, ਜਸਵੰਤ ਸਿੰਘ ਬੁੱਟਰ, ਏਟਕ ਦੇ ਸੋਹਨ ਲਾਲ ਤੇ ਏਕਟੂ ਦੇ ਸੋਬੀ ਮਸੀਹ ਹਾਜ਼ਰ ਸਨ |