ਪਠਾਨਕੋਟ, 5 ਦਸੰਬਰ (ਸੰਧੂ)- ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੀ ਅਗਵਾਈ ਵਿਚ ਪੰਜਾਬ ਭਰ ਦੇ ਜ਼ਿਲ੍ਹਾ ਭਾਸ਼ਾ ਦਫ਼ਤਰਾਂ ਵਿਚ ਉਰਦੂ ਆਮੋਜ਼ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ | ਇਸ ਕੋਰਸ ਦਾ ਕੁੱਲ ਸਮਾਂ ਛੇ ਮਹੀਨੇ ਹੁੰਦਾ ਹੈ | ਇਹ ਪ੍ਰਗਟਾਵਾ ਜ਼ਿਲ੍ਹਾ ਭਾਸ਼ਾ ਦਫ਼ਤਰ ਪਠਾਨਕੋਟ ਦੇ ਖੋਜ ਅਫ਼ਸਰ ਡਾ: ਰਾਜੇਸ਼ ਕੁਮਾਰ ਵਲੋਂ ਕੀਤਾ ਗਿਆ | ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਵੀ ਇਹ ਕੋਰਸ ਉਪਲੱਬਧ ਹੈ | ਇਹ ਛੇ ਮਹੀਨੇ ਦੇ ਪੂਰੇ ਕੋਰਸ ਦੀ ਫ਼ੀਮ ਕੇਵਲ 500 ਰੁਪਏ ਹੈ | ਇਸ ਕੋਰਸ ਦੇ ਪੂਰਾ ਹੋਣ ਉਪਰੰਤ ਭਾਸ਼ਾ ਵਿਭਾਗ ਪੰਜਾਬ ਵਲੋਂ ਇਸ ਦਾ ਪੇਪਰ ਲਿਆ ਜਾਂਦਾ ਹੈ ਤੇ ਪਾਸ ਹੋਣ ਵਾਲੇ ਸਿੱਖਿਆਰਥੀਆਂ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ | ਇਸ ਕੋਰਸ ਵਿਚ ਕਿਸੇ ਵੀ ਉਮਰ ਦਾ ਸਿੱਖਿਆਰਥੀ ਦਾਖ਼ਲਾ ਲੈ ਸਕਦਾ ਹੈ | ਉਨ੍ਹਾਂ ਦੱਸਿਆ ਕਿ ਜਨਵਰੀ 2026 ਤੋਂ ਜੂਨ 2026 ਦਾ ਇਹ ਸੈਸ਼ਨ 01 ਜਨਵਰੀ 2026 ਸ਼ੁਰੂ ਹੋਵੇਗਾ | ਕਲਾਸ ਦਾ ਸਮਾਂ ਸ਼ਾਮ 5 ਤੋਂ 6 ਵਜੇ ਤੱਕ ਹੋਵੇਗਾ | ਇਸ ਕੋਰਸ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਸਿੱਖਿਆਰਥੀ 31 ਦਸੰਬਰ 2025 ਤੱਕ ਕਿਸੇ ਵੀ ਕੰਮ ਵਾਲੇ ਦਿਨ ਕਮਰਾ ਨੰਬਰ 306/ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਿਕਪੁਰ ਵਿਖੇ ਆ ਕੇ ਆਪਣਾ ਦਾਖ਼ਲਾ ਫਾਰਮ ਜਮਾਂ ਕਰਵਾ ਸਕਦੇ ਹਨ |