ਬਟਾਲਾ, 5 ਦਸੰਬਰ (ਸਤਿੰਦਰ ਸਿੰਘ)- ਡੇਰਾ ਬਾਬਾ ਨਾਨਕ ਵਿਖੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਕਾਗਜ਼ ਦਾਖਲ ਕਰਵਾਉਣ ਸਮੇਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਦਸਤਾਰਾਂ ਬਾਰੇ ਦਿੱਤੇ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਸ: ਰੰਧਾਵਾ ਨੇ ਜਨਤਕ ਤੌਰ 'ਤੇ ਇਹ ਇਤਰਾਜ਼ਯੋਗ ਟਿੱਪਣੀ ਕੀਤੀ ਕਿ 'ਪੱਗਾਂ ਨੂੰ ਕਿਹੜੇ ਕਿੱਲ ਲੱਗੇ ਹੁੰਦੇ ਨੇ, ਲੜਾਈ ਵਿਚ ਲਹਿ ਹੀ ਜਾਂਦੀਆਂ ਨੇ', ਜੋ ਕਿ ਅਤਿ ਨਿੰਦਣਯੋਗ ਬਿਆਨ ਹੈ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਤੇ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇਹ ਬਿਆਨ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ | ਸਿੱਖ ਧਰਮ ਵਿਚ ਪੱਗ ਸਿਰਫ਼ ਇਕ ਕੱਪੜਾ ਨਹੀਂ, ਸਗੋਂ ਸਾਡੀ ਇੱਜ਼ਤ, ਪਛਾਣ ਤੇ ਸਾਡੇ ਵਿਸ਼ਵਾਸ ਦਾ ਪ੍ਰਤੀਕ ਹੈ | ਇਕ ਵਿਧਾਇਕ ਵਲੋਂ ਚੋਣਾਂ 'ਚ ਫਾਇਦਾ ਲੈਣ ਲਈ ਇਸ ਤਰ੍ਹਾਂ ਦੀ ਧਮਕੀ ਭਰੀ ਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨਾ ਸੂਬੇ ਦੀ ਰਾਜਨੀਤੀ ਲਈ ਕਾਲਾ ਦਿਨ ਹੈ | ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਚੋਣ ਅਫ਼ਸਰ ਨੂੰ ਤੁਰੰਤ ਕਾਰਵਾਈ ਦੀ ਮੰਗ ਕੀਤੀ | ਸ: ਪੀਰ ਮੁਹੰਮਦ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ ਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਉਹ ਸ਼ਾਂਤ ਨਹੀਂ ਬੈਠਣਗੇ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਮਨਜੀਤ ਸਿੰਘ, ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ, ਭਾਈ ਗੁਰਮੁੱਖ ਸਿੰਘ ਸੰਧੂ, ਡਾਕਟਰ ਕਾਰਜ ਸਿੰਘ ਜ਼ੀਰਾ, ਸਾਬਕਾ ਪ੍ਰਧਾਨ, ਜਗਰੂਪ ਸਿੰਘ ਚੀਮਾ ਪਟਿਆਲਾ, ਸੁਖਵਿੰਦਰ ਸਿੰਘ ਪਾਹੜਾ ਦੀਨਾਨਗਰ, ਦਵਿੰਦਰ ਸਿੰਘ ਲੁਧਿਆਣਾ, ਪਰਮਜੀਤ ਸਿੰਘ ਧਨੇਰ ਮਜੀਠਾ, ਕੰਵਲਜੀਤ ਸਿੰਘ ਬਿੱਟਾ ਗੁਰਦਾਸਪੁਰ, ਪ੍ਰਭਜੀਤ ਸਿੰਘ ਫਰੀਦਕੋਟ, ਲਵਪ੍ਰੀਤ ਸਿੰਘ ਬਟਾਲਾ ਆਦਿ ਆਗੂ ਹਾਜ਼ਰ ਸਨ |