ਬਟਾਲਾ, 17 ਦਸੰਬਰ (ਸਤਿੰਦਰ ਸਿੰਘ)- ਬਟਾਲਾ ਦੇ ਬੇਰਿੰਗ ਕਾਲਜ 'ਚ ਹਲਕਾ ਬਟਾਲਾ ਨਾਲ ਸਬੰਧਿਤ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਈਆਂ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਜਾਰੀ ਰਹੀ | ਬੈਲਟ ਪੇਪਰਾਂ ਦੀ ਧੀਮੀ ਚਾਲ ਗਿਣਤੀ ਨੇ ਠੰਢ ਦੇ ਦਿਨਾਂ 'ਚ ਉਮੀਦਵਾਰਾਂ, ਉਨ੍ਹਾਂ ਦੇ ਪਰਿਵਾਰਾਂ ਤੇ ਪਾਰਟੀਆਂ ਦੇ ਵਰਕਰਾਂ ਨੂੰ ਠਰੂੰ-ਠਰੂੰ ਕਰੀ ਰੱਖਿਆ | ਦੇਰ ਸ਼ਾਮ ਤੱਕ ਬਲਾਕ ਸੰਮਤੀ ਬਟਾਲਾ ਦੇ ਆਏ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ | ਆਮ ਆਦਮੀ ਪਾਰਟੀ ਨੂੰ 13 ਜ਼ੋਨਾਂ 'ਤੇ ਜਿੱਤ ਪ੍ਰਾਪਤ ਹੋਈ ਜਦਕਿ ਕਾਂਗਰਸ ਪਾਰਟੀ 2 ਜ਼ੋਨਾਂ 'ਚ ਜੇਤੂ ਰਹੀ | ਖਬਰ ਲਿਖਣ ਤੱਕ ਜ਼ਿਲ੍ਹਾ ਪ੍ਰੀਸ਼ਦ ਦੀ ਗਿਣਤੀ 'ਚ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਸੀ | ਬਲਾਕ ਸੰਮਤੀ ਦੇ ਨਤੀਜਿਆਂ 'ਚ ਜ਼ੋਨ ਮਲਕਪੁਰ ਤੋਂ ਆਮ ਆਦਮੀ ਪਾਰਟੀ ਦੇ ਕਰਮਜੀਤ ਕੌਰ ਕਾਲੀਆਂ ਕਰੀਬ 200 ਵੋਟਾਂ ਦੇ ਫਰਕ ਨਾਲ ਜਿੱਤੇ | ਜ਼ੋਨ ਕਲੇਰ ਕਲਾਂ ਤੋਂ ਕਾਂਗਰਸ ਪਾਰਟੀ ਦੇ ਮਨੋਹਰ ਸਿੰਘ 215 ਵੋਟਾਂ ਨਾਲ ਜੇਤੂ ਰਹੇ | ਇਸੇ ਤਰ੍ਹਾਂ ਜ਼ੋਨ ਤੱਤਲਾ ਤੋਂ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਮਿੰਟੂ 422 ਵੋਟਾਂ ਨਾਲ, ਕਲੇਰ ਖੁਰਦ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰੱਜੋ 250 ਵੋਟਾਂ ਨਾਲ, ਸੇਖਵਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਕੌਰ 260 ਵੋਟਾਂ ਨਾਲ, ਠੀਕਰੀਵਾਲ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਕੈਪਟਨ ਹਰਜਿੰਦਰ ਸਿੰਘ ਕਰੀਬ 750 ਵੋਟਾਂ ਨਾਲ, ਚੌਧਰਪੁਰ ਜ਼ੋਨ ਤੋਂ ਕਾਂਗਰਸ ਦੇ ਗੁਰਦੇਵ ਸਿੰਘ ਅਠਵਾਲ ਨੇ 250 ਵੋਟਾਂ ਨਾਲ, ਵਡਾਲਾ ਗ੍ਰੰਥੀਆਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਮਨਵੀਰ ਕੌਰ 546 ਵੋਟਾਂ ਨਾਲ ਅਤੇ ਨੌਸ਼ਹਿਰਾ ਮੱਝਾ ਸਿੰਘ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਨੌਸ਼ਹਿਰਾ ਮੱਝਾ ਸਿੰਘ ਤੋਂ ਆਮ ਆਦਮੀ ਪਾਰਟੀ ਦੇ ਮਨਦੀਪ ਸਿੰਘ ਅਤੇ ਵਡਾਲਾ ਗ੍ਰੰਥੀਆਂ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਮਿੱਤਰਪਾਲ ਸਿੰਘ ਦੌਲਤਪੁਰ ਜੇਤੂ ਰਹੇ |