ਫ਼ਿਰੋਜ਼ਪੁਰ, 17 ਦਸੰਬਰ (ਰਾਕੇਸ਼ ਚਾਵਲਾ)-ਰੇਲਵੇ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਸੰਗਤਾਂ ਅਤੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਅੰਮਿ੍ਤਸਰ, ਬਟਾਲਾ ਅਤੇ ਕਾਦੀਆਂ ਰੇਲਵੇ ਸਟੇਸ਼ਨਾਂ ਵਿਚਕਾਰ 'ਮੇਲਾ ਸਪੈਸ਼ਲ' ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਗਿਆ ਹੈ | ਇਹ ਫ਼ੈਸਲਾ ਮੇਲੇ ਦੌਰਾਨ ਹੋਣ ਵਾਲੀ ਯਾਤਰੀਆਂ ਦੀ ਭਾਰੀ ਭੀੜ ਨੂੰ ਕੰਟਰੋਲ ਕਰਨ ਅਤੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਲਿਆ ਗਿਆ ਹੈ | ਰੇਲਗੱਡੀ ਦਾ ਸਮਾਂ-ਸਾਰਣੀ (ਸ਼ਡਿਊਲ) ਰੇਲਵੇ ਵਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਮੇਲਾ ਸਪੈਸ਼ਲ ਰੇਲਗੱਡੀ 22 ਦਸੰਬਰ 2025 ਤੋਂ 1 ਜਨਵਰੀ 2026 ਤੱਕ ਰੋਜ਼ਾਨਾ ਚਲਾਈ ਜਾਵੇਗੀ | ਅੰਮਿ੍ਤਸਰ ਤੋਂ ਕਾਦੀਆਂ ਇਹ ਗੱਡੀ ਸਵੇਰੇ 9.35 ਵਜੇ ਅੰਮਿ੍ਤਸਰ ਤੋਂ ਰਵਾਨਾ ਹੋਵੇਗੀ ਅਤੇ 11.15 ਵਜੇ ਕਾਦੀਆਂ ਪਹੁੰਚੇਗੀ | ਕਾਦੀਆਂ ਤੋਂ ਅੰਮਿ੍ਤਸਰ ਵਾਪਸੀ 'ਤੇ ਇਹ ਰੇਲਗੱਡੀ ਕਾਦੀਆਂ ਤੋਂ ਸਵੇਰੇ 11.25 ਵਜੇ ਚੱਲੇਗੀ ਅਤੇ ਦੁਪਹਿਰ 12.55 ਵਜੇ ਅੰਮਿ੍ਤਸਰ ਵਾਪਸ ਪਹੁੰਚੇਗੀ | ਯਾਤਰੀਆਂ ਦੀ ਸਹੂਲਤ ਲਈ ਇਹ ਵਿਸ਼ੇਸ਼ ਰੇਲਗੱਡੀ ਆਪਣੇ ਰੂਟ ਦੌਰਾਨ ਦੋਵਾਂ ਦਿਸ਼ਾਵਾਂ ਵਿਚ ਵੇਰਕਾ, ਕੱਥੂਨੰਗਲ, ਜੈਂਤੀਪੁਰਾ ਅਤੇ ਬਟਾਲਾ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ | ਇਸ ਫ਼ੈਸਲੇ ਨਾਲ ਖੇਤਰ ਦੇ ਲੋਕਾਂ, ਖ਼ਾਸ ਕਰਕੇ ਮੇਲੇ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਵਿਚ ਖ਼ੁਸ਼ੀ ਦੀ ਲਹਿਰ ਹੈ | ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਸਥਾਨਕ ਆਵਾਜਾਈ 'ਤੇ ਦਬਾਅ ਘਟੇਗਾ ਅਤੇ ਲੋਕਾਂ ਨੂੰ ਸਸਤੀ ਤੇ ਆਰਾਮਦਾਇਕ ਸਫ਼ਰ ਦੀ ਸਹੂਲਤ ਮਿਲੇਗੀ |