ਕਾਦੀਆਂ, 17 ਦਸੰਬਰ (ਕੁਲਵਿੰਦਰ ਸਿੰਘ, ਹਰਦੀਪ ਸਿੰਘ ਸੰਧੂ)- ਪੰਜਾਬ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀ ਹੋਈ ਚੋਣ ਦੇ ਨਤੀਜੇ ਬੁੱਧਵਾਰ ਨੂੰ ਆ ਗਏ | ਕਾਦੀਆਂ ਬਲਾਕ ਸੰਮਤੀ ਦੇ 17 ਜ਼ੋਨਾਂ ਵਿਚੋਂ ਪਹਿਲਾਂ ਸਰਬਸੰਮਤੀ ਨਾਲ 2 ਬਲਾਕ ਆਮ ਆਦਮੀ ਪਾਰਟੀ ਨੇ ਬਿਨਾਂ ਮੁਕਾਬਲਾ ਜਿੱਤ ਲਏ ਸਨ | ਬਾਕੀ 15 'ਤੇ ਪਈਆਂ ਵੋਟਾਂ ਦੇ ਨਤੀਜੇ ਅੱਜ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਬਣੇ ਗਿਣਤੀ ਕੇਂਦਰ 'ਤੇ ਐਲਾਨ ਕੀਤੇ ਜਾ ਰਹੇ ਹਨ | ਦੇਰ ਸ਼ਾਮ ਤੱਕ ਜਿਹੜੇ ਬਲਾਕਾਂ ਦਾ ਨਤੀਜਾ ਹਾਸਿਲ ਹੋਇਆ ਉਸ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਵਲੋਂ ਪੰਜ ਸੀਟਾਂ ਜਿੱਤ ਲਈਆਂ ਗਈਆਂ ਹਨ ਜਦਕਿ ਦੋ ਸੀਟਾਂ 'ਤੇ ਕਾਂਗਰਸ ਪਾਰਟੀ ਤੇ ਇਕ 'ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਹੋਇਆ ਹੈ ਜਦਕਿ ਬਾਕੀ ਜ਼ੋਨਾਂ ਦੀ ਗਿਣਤੀ ਦਾ ਕੰਮ ਚੱਲ ਰਿਹਾ ਹੈ | ਗਿਣਤੀ ਕੇਂਦਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਰ ਸ਼ਾਮ ਤੱਕ ਚੱਲ ਰਹੇ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਿਚ ਕਾਂਟੇ ਦੀ ਟੱਕਰ ਚੱਲ ਰਹੀ ਨਜ਼ਰ ਆ ਰਹੀ ਹੈ ਪਰ ਦੂਸਰੇ ਪਾਸੇ ਇਹ ਰੁਝਾਨ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਜੇ ਜਾਂਦੇ ਹਨ ਤਾਂ ਬਲਾਕ ਸੰਮਤੀ ਕਾਦੀਆਂ ਤੇ ਆਮ ਆਦਮੀ ਪਾਰਟੀ ਸਪੱਸ਼ਟ ਬਹੁਮਤ ਲੈ ਕੇ ਕਾਬਜ਼ ਹੁੰਦੀ ਨਜ਼ਰ ਆ ਰਹੀ ਹੈ | ਐਲਾਨ ਕੀਤੇ ਨਤੀਜਿਆਂ ਵਿਚ ਖੁਜਾਲਾ, ਵੈਰੋਨੰਗਲ, ਸ਼ਾਹਥਾਦ, ਥਰੀਏਵਾਲ, ਕੀੜੀ ਅਫਗਾਨਾ ਬਲਾਕ ਸੰਮਤੀ ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਸਮਰਥਕ ਉਮੀਦਵਾਰ ਚੋਣ ਜਿੱਤ ਚੁੱਕੇ ਹਨ ਜਦਕਿ ਕਾਂਗਰਸ ਪਾਰਟੀ ਬਲਾਕ ਸੰਮਤੀ ਜ਼ੋਨ ਭਾਮ ਤੇ ਰੰਗੜ ਨੰਗਲ ਜੇਤੂ ਦੱਸੀ ਜਾ ਰਹੀ ਹੈ ਜਦਕਿ ਢਪੱਈ ਬਲਾਕ ਸੰਮਤੀ ਜ਼ੋਨ ਤੋਂ ਅਕਾਲੀ ਦਲ ਸਮਰਥਕ ਉਮੀਦਵਾਰ ਜੇਤੂ ਰਿਹਾ ਹੈ | ਬਾਕੀ ਨਤੀਜੇ ਆਉਣੇ ਬਾਕੀ ਹਨ | ਹੁਣ ਤੱਕ ਆਏ ਚੋਣ ਨਤੀਜਿਆਂ 'ਚ ਇਹ ਗੱਲ ਤਾਂ ਸਪੱਸ਼ਟ ਹੁੰਦੀ ਹੈ ਕਿ ਲੋਕਾਂ ਨੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ 'ਤੇ ਆਪਣਾ ਫ਼ਤਵਾ ਦਿੱਤਾ ਹੈ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇਹ ਨਤੀਜੇ ਸੱਤਾਧਿਰ ਲਈ ਖੁਸ਼ੀ ਦਾ ਸਬੱਬ ਬਣਦੇ ਨਜ਼ਰ ਆ ਰਹੇ ਹਨ | ਕਾਂਗਰਸ ਦੀ ਗੜ੍ਹ ਅੰਦਰ ਵੱਡੀ ਪੱਧਰ 'ਤੇ ਆਮ ਆਦਮੀ ਪਾਰਟੀ ਦੇ ਸਮਰਥਨ ਨਾਲ ਉਮੀਦਵਾਰ ਜਿੱਤ ਕੇ ਰਹੇ ਹਨ |