ਗੁਰਦਾਸਪੁਰ, 22 ਦਸੰਬਰ (ਚੱਕਰਾਜਾ)- ਸਿੱਖਿਆ ਦੀ ਤਾਕਤ ਨਾਲ ਜ਼ਿੰਦਗੀਆਂ ਬਦਲ ਸਕਣ ਦੀ ਪ੍ਰਭਾਵਸ਼ਾਲੀ ਮਿਸਾਲ ਕਾਇਮ ਕਰਦਿਆਂ 4 ਸਿੱਖ ਰੈਜ਼ੀਮੈਂਟ ਤਿੱਬੜੀ ਕੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਨਿਤਿਨ ਗੌਤਮ ਨੇ ਆਪਣੀ ਸਮਾਜ-ਸੇਵੀ ਪਤਨੀ ਸਵਾਤੀ ਗੌਤਮ ਨਾਲ ਮਿਲ ਕੇ ਸਲੱਮ ਏਰੀਆ ਮਾਨ ਕੌਰ ਵਿਖੇ ਸਥਿਤ ਪ੍ਰੀਲਿਮਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ | ਇਸ ਮੌਕੇ ਮੇਜਰ ਡੀ. ਵੀ. ਬਸਨੈੱਟ (ਕੇ.ਸੀ.) ਅਤੇ ਉਨ੍ਹਾਂ ਦੀ ਪਤਨੀ ਅਨੀਸ਼ਾ ਬਸਨੈੱਟ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਸਾਰੇ ਮਹਿਮਾਨਾਂ ਦਾ ਨੈਸ਼ਨਲ ਅਵਾਰਡੀ ਰੋਮੇਸ਼ ਮਹਾਜਨ ਵਲੋਂ ਸਵਾਗਤ ਕੀਤਾ ਗਿਆ | ਉਨ੍ਹਾਂ ਵਲੋਂ ਰੋਮੇਸ਼ ਮਹਾਜਨ ਦੀ ਦੂਰਦਰਸ਼ੀ ਅਗਵਾਈ ਹੇਠ ਚੱਲ ਰਹੀਆਂ ਲੋਕ-ਭਲਾਈ ਗਤੀਵਿਧੀਆਂ ਦੀ ਖੁੱਲ੍ਹ ਕੇ ਸਰਾਹਨਾ ਕੀਤੀ | ਉਨ੍ਹਾਂ ਦੱਸਿਆ ਕਿ ਲਗਪਗ ਦਸ ਸਾਲ ਪਹਿਲਾਂ ਇਹ ਕੇਂਦਰ ਸਿਰਫ਼ ਤਿੰਨ ਬੱਚਿਆਂ ਨਾਲ ਇਕ ਟੈਂਟ ਵਿਚ ਸ਼ੁਰੂ ਹੋਇਆ ਸੀ ਜੋ ਅੱਜ ਇਕ ਆਧੁਨਿਕ ਸਿੱਖਿਆ ਸੰਸਥਾ ਦਾ ਰੂਪ ਧਾਰ ਚੁੱਕਾ ਹੈ | ਵਰਤਮਾਨ ਸਮੇਂ ਵਿਚ ਇਸ ਕੇਂਦਰ ਵਿਖੇ 92 ਬੱਚੇ ਸਿੱਖਿਆ ਹਾਸਲ ਕਰ ਰਹੇ ਹਨ ਜੋ ਸਮਰਪਣ ਤੇ ਸਮੁਦਾਇਕ ਸਾਂਝੀ ਕੋਸ਼ਿਸ਼ ਦੀ ਪ੍ਰਤੀਕ ਹੈ | ਮੁੱਖ ਮਹਿਮਾਨ ਕਮਾਂਡਿੰਗ ਅਫ਼ਸਰ ਕਰਨਲ ਨਿਤਿਨ ਗੌਤਮ ਨੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਮਨ ਲਗਾ ਕੇ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ | ਕਰਨਲ ਨਿਤਿਨ ਗੌਤਮ ਤੇ ਸਵਾਤੀ ਗੌਤਮ ਵਲੋਂ ਬੱਚਿਆਂ ਨੂੰ ਸਟੱਡੀ ਕਿੱਟਾਂ, ਖਾਣ-ਪੀਣ ਦੀਆਂ ਵਸਤੂਆਂ ਤੇ ਰਿਫ਼ੈੱ੍ਰਸ਼ਮੈਂਟ ਵੀ ਵੰਡੀਆਂ ਗਈਆਂ ਤੇ ਬਾਲ ਕਲਿਆਣ ਦੇ ਖੇਤਰ ਵਿਚ ਰੋਮੇਸ਼ ਮਹਾਜਨ ਦੀ ਨਿਰੰਤਰ ਤੇ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਕੀਤੀ ਗਈ | ਇਸ ਦੌਰਾਨ ਡਿਸਟਿ੍ਕਟ ਚਾਈਲਡ ਵੈੱਲਫੇਅਰ ਕੌਂਸਲ ਵਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਤੇ ਗਤੀਵਿਧੀਆਂ ਨੂੰ ਦਰਸਾਉਂਦਾ ਯਾਦਗਾਰ ਸੋਵੀਨਾਰ '1 •ourney of 9ncremental Steps Towards 3hild Welfare ਜੋ ਕੇ. ਏ. ਪੀ ਸਿਨ੍ਹਾ ਚੀਫ਼ ਸੈਕਟਰੀ ਪੰਜਾਬ ਵਲੋਂ ਹਾਲ ਹੀ ਵਿਚ ਜਾਰੀ ਕੀਤਾ ਗਿਆ ਸੀ, ਰੋਮੇਸ਼ ਮਹਾਜਨ ਤੇ ਕੋਆਰਡੀਨੇਟਰ ਬਖ਼ਸ਼ੀ ਰਾਜ ਵਲੋਂ ਮਹਿਮਾਨਾਂ ਨੂੰ ਭੇਟ ਕੀਤਾ ਗਿਆ | ਇਸ ਮੌਕੇ ਕੇ.ਪੀ. ਲਾਈਨ ਇੰਚਾਰਜ, ਕੇਂਦਰ ਦੇ ਅਧਿਆਪਕ ਆਸ਼ੂ ਤੇ ਮਨਜੀਤ ਕੌਰ, ਕੇਅਰ ਗਿਵਰ ਮੈਡਮ ਕਿਰਨ, ਓਪਨ ਸ਼ੈਲਟਰ ਹੋਮ ਦੀ ਹੈੱਡ ਗਰਲ ਤੇ ਸਲੱਮ ਏਰੀਆ ਦੇ ਕਈ ਵਿਅਕਤੀ ਹਾਜ਼ਰ ਸਨ |