ਬਟਾਲਾ, 23 ਦਸੰਬਰ (ਸਤਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਬਟਾਲਾ ਦੇ ਇੰਚਾਰਜ ਨਰੇਸ਼ ਮਹਾਜਨ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ਵਿਚ ਸਥਾਨਕ ਪ੍ਰਦਰਸ਼ਨਕਾਰੀਆਂ ਵਲੋਂ ਸ਼ਾਂਤਮਈ ਨਗਰ ਕੀਰਤਨ ਵਿਚ ਰੁਕਾਵਟ ਪੈਦਾ ਕਰਨ ਤੇ ਇਸ ਨੂੰ ਰੋਕਣ ਦੀ ਕੋਸ਼ਿਸ਼ ਮੰਦਭਾਗੀ ਹੈ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਕਰੜੇ ਸ਼ਬਦਾਂ 'ਚ ਨਿੰਦਾ ਕਰਦਾ ਹੈ | ਸ੍ਰੀ ਨਰੇਸ਼ ਮਹਾਜਨ ਨੇ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇਕ ਪਵਿੱਤਰ ਪਰੰਪਰਾ ਹੈ | ਇਹ ਇਕ ਅਨੰਦਮਈ ਧਾਰਮਿਕ ਵਹੀਰ ਹੁੰਦੀ ਹੈ, ਜਿਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕੀਤਾ ਜਾਂਦਾ ਹੈ ਅਤੇ ਸਮੁੱਚੀ ਮਨੁੱਖਤਾ ਨਾਲ ਨਾਮ ਸਿਮਰਨ, ਏਕਤਾ ਅਤੇ ਭਲਾਈ ਦਾ ਸੰਦੇਸ਼ ਸਾਂਝਾ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਉਸ ਮੌਕੇ ਉੱਥੇ ਹਾਜ਼ਰ ਸਿੱਖ ਭਾਈਚਾਰੇ ਨੇ ਭੜਕਾਹਟ ਦੇ ਬਾਵਜੂਦ ਵੀ ਬੇਮਿਸਾਲ ਸਹਿਣਸ਼ੀਲਤਾ ਤੇ ਸ਼ਾਂਤੀ ਨੂੰ ਕਾਇਮ ਰੱਖਦਿਆਂ ਸਥਿਤੀ 'ਤੇ ਕਾਬੂ ਪਾਇਆ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਭੜਕਾਊ ਕਾਰਵਾਈਆਂ ਧਾਰਮਿਕ ਆਜ਼ਾਦੀ ਅਤੇ ਵਿਸ਼ਵ ਵਿਆਪੀ ਭਾਈਚਾਰਕ ਸਾਂਝ ਦੀ ਭਾਵਨਾ ਲਈ ਖ਼ਤਰਨਾਕ ਹਨ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਨਿਊਜ਼ੀਲੈਂਡ ਸਰਕਾਰ ਦੇ ਸਾਹਮਣੇ ਚੁੱਕ ਕੇ ਭਾਰਤੀ ਪਰਵਾਸੀ ਭਾਈਚਾਰੇ ਦੇ ਅਧਿਕਾਰਾਂ ਦੀ ਰੱਖਿਆ ਲਈ ਸਖ਼ਤ ਕਦਮ ਉਠਾਉਣ ਤਾਂ ਜੋ ਅਜਿਹੀਆਂ ਘਟਨਾਵਾਂ ਭਵਿੱਖ ਵਿਚ ਮੁੜ ਨਾ ਵਾਪਰਨ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ, ਪਲਵਿੰਦਰ ਸਿੰਘ ਲੰਬੜਦਾਰ, ਸਮਸ਼ੇਰ ਸਿੰਘ ਚੀਮਾ, ਕੁਲਵੰਤ ਸਿੰਘ ਸਾਬਕਾ ਕੌਂਸਲਰ, ਸੁਖਦੇਵ ਮਹਾਜਨ ਸਾਬਕਾ ਕੌਂਸਲਰ, ਪੁਨੀਤ ਮਹਾਜਨ, ਸਹਿਜਪਾਲ ਸਿੰਘ, ਜਸਪਾਲ ਸਿੰਘ ਦੇਵਤਾ, ਭੁਪਿੰਦਰ ਸਿੰਘ ਲਾਡੀ ਸਾਬਕਾ ਕੌਂਸਲਰ, ਸਤਪਾਲ ਸਾਬਕਾ ਕੌਂਸਲਰ, ਸ਼ਮੀ ਪ੍ਰਧਾਨ, ਗੁਰਪ੍ਰਤਾਪ ਸਿੰਘ, ਪ੍ਰਦੀਪ ਸ਼ਰਮਾ, ਵਿੱਕੀ ਭਾਟੀਆ ਤੇ ਹੋਰ ਅਹੁਦੇਦਾਰ ਹਾਜ਼ਰ ਸਨ |