ਕੋਟਲੀ ਸੂਰਤ ਮੱਲ੍ਹੀ, 23 ਦਸੰਬਰ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਪਬਲਿਕ ਸੀ.ਸੈਕੰ. ਸਕੂਲ ਭਗਵਾਨਪੁਰ 'ਚ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸ਼ਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦੀ ਯਾਦ 'ਚ ਮਹਾਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਬੜੀ ਸ਼ਰਧਾ ਭਾਵਨਾ ਨਾਲ ਹਿੱਸਾ ਲਿਆ | ਪਿ੍ੰਸੀਪਲ ਸੋਨੀਆ ਮਹਾਜਨ ਨੇ ਦੱਸਿਆ ਕਿ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਕ ਭਾਵਨਾਤਮਕ ਸ਼ਹੀਦੀ ਸਮਾਗਮ ਜਪੁਜੀ ਸਾਹਿਬ ਜੀ ਦੇ ਪਾਠ ਨਾਲ ਸ਼ੁਰੂ ਕੀਤਾ ਗਿਆ | ਗੁਰਬਾਣੀ ਦੀ ਮਿੱਠੀ ਧੁੰਨ ਨਾਲ ਸਾਰਾ ਸਕੂਲ ਗੁਰਮਈ ਵਾਤਾਵਰਣ ਵਿਚ ਰੰਗ ਗਿਆ | 5ਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ 'ਮਿੱਤਰ ਪਿਆਰੇ ਨੂੰ ' ਦੀ ਸੁਰੀਲੀ ਪ੍ਰਸਤੁਤੀ ਨੇ ਸੰਗਤਾਂ ਦੇ ਮਨਾਂ ਨੂੰ ਛੂਹ ਲਿਆ, ਜਦੋਂ ਕਿ ਨਿੱਕੇ ਬੱਚਿਆਂ ਨੇ ਆਪਣੀ ਭਾਵਨਾਤਮਕ ਪ੍ਰਸਤੁਤੀ ਨਾਲ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ | ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਸੁੰਦਰ ਕਵਿਤਾ ਪੇਸ਼ ਕੀਤੀ, 10ਵੀਂ ਜਮਾਤ ਦੀਆਂ ਵਿਦਿਆਰਥਣਾਂ ਕਿਰਨ ਅਤੇ ਸੁਖਮਨ ਕੌਰ ਵਲੋਂ ਕਵੀਸ਼ਰੀ 'ਦਇਆ ਸਿੰਘ ਵੇਖੀਂ ਮੇਰੇ ਪੁੱਤ ਨੂੰ , ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ' ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨੇ ਸੰਗਤ ਨੂੰ ਭਾਵੁਕ ਕਰ ਦਿੱਤਾ ਅਤੇ ਸਾਹਿਬਜ਼ਾਦਿਆ ਦੀ ਅਮਰ ਸ਼ਹਾਦਤ ਨੂੰ ਯਾਦ ਕਰਵਾਇਆ | ਇਸ ਮੌਕੇ ਡਾਇਰੈਕਟਰ ਅਯੋਧ ਸਿੰਘ ਨੇ ਕਿਹਾ ਕਿ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਨੂੰ ਸੱਚ, ਧਰਮ ਅਤੇ ਇਨਸਾਫ਼ ਦੇ ਰਾਹ 'ਤੇ ਡਟ ਕੇ ਖੜ੍ਹੇ ਰਹਿਣ ਦੀ ਪ੍ਰੇਰਣਾ ਦਿੰਦੀ ਹੈ | ਪਿ੍ੰਸੀਪਲ ਸੋਨੀਆ ਮਹਾਜਨ, ਐੱਮ.ਡੀ. ਹਰਦਿਆਲ ਸਿੰਘ ਤੇ ਚੇਅਰਪਰਸ਼ਨ ਬਲਜਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਲਈ ਕਿਹਾ | ਸਮਾਗਮ ਦੇ ਅੰਤ ਵਿਚ ਗੁਰੂ ਸਾਹਿਬਾਨ ਅੱਗੇ ਅਰਦਾਸ ਕੀਤੀ ਗਈ |