ਪਠਾਨਕੋਟ, 24 ਦਸੰਬਰ (ਸੰਧੂ/ਆਸ਼ੀਸ਼/ਵਿਨੋਦ)-ਜ਼ਿਲ੍ਹਾ ਪਠਾਨਕੋਟ ਵਿਖੇ ਸਥਿਤ ਜੂਡੀਸ਼ੀਅਲ ਕੋਰਟ ਕੰਪਲੈਕਸ ਵਿਖੇ ਰਿਹਾਇਸ਼ੀ ਕਾਲੋਨੀ ਦੇ ਬਣਾਏ ਜਾਣ ਨੂੰ ਲੈ ਕੇ ਜੂਡੀਸ਼ੀਅਲ ਕੋਰਟ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਜਤਿੰਦਰ ਪਾਲ ਸਿੰਘ ਖੁਰਮੀ ਤੇ ਡਾ: ਪੱਲਵੀ ਡਿਪਟੀ ਕਮਿਸ਼ਨਰ ਪਠਾਨਕੋਟ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਤੋਂ ਇਲਾਵਾ ਐਕਸੀਅਨ ਲੋਕ ਨਿਰਮਾਣ ਵਿਭਾਗ ਪ੍ਰਦੀਪ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਸੰਜੀਵ ਪਠਾਨੀਆ, ਐਸ.ਡੀ.ਓ. ਲੋਕ ਨਿਰਮਾਣ ਵਿਭਾਗ ਪਰਵਿੰਦਰ ਸਿੰਘ, ਐਕਸੀਅਨ ਪਾਵਰ ਕਾਮ ਪਠਾਨਕੋਟ ਜਸਵਿੰਦਰ ਸਿੰਘ, ਨਾਇਬ ਤਹਿਸੀਲਦਾਰ ਪਠਾਨਕੋਟ ਰਣਦੀਪ ਸਿੰਘ ਤੇ ਵਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ | ਮੀਟਿੰਗ ਦੌਰਾਨ ਜੂਡੀਸ਼ੀਅਲ ਕੋਰਟ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਜੱਜਾਂ ਲਈ ਬਣਾਈ ਜਾਣ ਵਾਲੀ ਰਿਹਾਇਸ਼ੀ ਕਾਲੋਨੀ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਡਾ: ਪੱਲਵੀ ਨੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਵਿਖੇ ਜੂਡੀਸ਼ੀਅਲ ਕੋਰਟ ਕੰਪਲੈਕਸ ਮਲਿਕਪੁਰ ਵਿਖੇ ਜੱਜਾਂ ਲਈ ਰਿਹਾਇਸ਼ੀ ਕਾਲੋਨੀ ਬਣਾਈ ਜਾਣੀ ਹੈ | ਉਨ੍ਹਾਂ ਅੱਜ ਮੌਕੇ ਅਦਾਲਤ ਅਹਾਤੇ ਦੇ ਨਾਲ ਲੱਗਦੇ ਖੇਤਰ ਦਾ ਦੌਰਾ ਵੀ ਕੀਤਾ | ਉਨ੍ਹਾਂ ਦੱਸਿਆ ਕਿ ਬਣਾਈ ਜਾਣ ਵਾਲੀ ਰਿਹਾਇਸ਼ੀ ਕਾਲੋਨੀ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਕਾਲੋਨੀ ਦੇ ਨਿਰਮਾਣ ਲਈ ਸਾਰੀ ਕਾਰਵਾਈ ਸ਼ੁਰੂ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜੂਡੀਸ਼ੀਅਲ ਕੋਰਟ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਨਾਲ ਲੱਗਦੇ ਖੇਤਰ ਅੰਦਰ ਰਿਹਾਇਸ਼ੀ ਕਾਲੋਨੀ ਦਾ ਨਿਰਮਾਣ ਕੀਤਾ ਜਾ ਸਕਦਾ ਹੈ | ਉਨ੍ਹਾਂ ਵੱਖ-ਵੱਖ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਲੋਨੀ ਦੇ ਨਿਰਮਾਣ ਲਈ ਜਲਦੀ ਕਾਰਵਾਈ ਸ਼ੁਰੂ ਕੀਤੀ ਜਾਵੇ |