ਪਠਾਨਕੋਟ, 27 ਦਸੰਬਰ (ਆਸ਼ੀਸ਼ ਸ਼ਰਮਾ/ਵਿਨੋਦ)- ਜ਼ਿਲ੍ਹਾ ਪਠਾਨਕੋਟ ਦੇ ਛੇ ਸਕੂਲਾਂ ਨੂੰ ਸਾਲ 2025-26 ਲਈ ਰਾਸ਼ਟਰੀ ਪੱਧਰ 'ਤੇ ਗਰੀਨ ਸਕੂਲ ਐਲਾਨਿਆ ਗਿਆ ਹੈ, ਜਿਨ੍ਹਾਂ ਵਿਚ ਸਰਕਾਰੀ ਮਿਡਲ ਸਕੂਲ ਗੁਰਦਾਸਪੁਰ ਭਾਈਆਂ, ਸਰਕਾਰੀ ਹਾਈ ਸਕੂਲ ਨਿਚਲੀ ਬੜੋਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗੂੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਕਲਾਂ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸੁਜਾਨਪੁਰ ਸ਼ਾਮਿਲ ਹਨ | ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਮਨਦੀਪ ਕੁਮਾਰ ਨੇ ਇਸ ਸਫਲਤਾ 'ਤੇ ਸਾਰਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕ ਸ਼ਾਨਦਾਰ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਸਮਾਜ ਪ੍ਰਤੀ ਵਧੀਆ ਭੂਮਿਕਾ ਨਿਭਾਅ ਰਹੇ ਹਨ | ਜ਼ਿਲ੍ਹਾ ਵਾਤਾਵਰਨ ਸਿੱਖਿਆ ਕੋਆਰਡੀਨੇਟਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਗਰੀਨ ਸਕੂਲ ਪ੍ਰੋਗਰਾਮ ਹਰ ਸਾਲ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰੀਸ਼ਦ ਤੇ ਵਿਗਿਆਨ ਤੇ ਵਾਤਾਵਰਨ ਕੇਂਦਰ ਦੁਆਰਾ ਰਾਸ਼ਟਰੀ ਪੱਧਰ 'ਤੇ ਕਰਵਾਇਆ ਜਾਂਦਾ ਹੈ ਤੇ ਇਹ ਪਹਿਲੀ ਵਾਰ ਹੈ ਜਦੋਂ ਜ਼ਿਲ੍ਹੇ ਦੇ 6 ਸਕੂਲਾਂ ਨੂੰ ਗਰੀਨ ਸਕੂਲ ਵਜੋਂ ਚੁਣਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਪਠਾਨਕੋਟ ਜ਼ਿਲ੍ਹੇ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਅਧਿਆਪਕਾਂ ਲਈ ਸੰਜੀਵ ਸ਼ਰਮਾ ਤੇ ਰਾਜੇਸ਼ ਸਲਵਾਨ ਦੁਆਰਾ ਇਕ ਵਰਕਸ਼ਾਪ ਲਗਾਈ ਗਈ ਸੀ | ਇਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਨੇ ਸਕੂਲ ਤੇ ਇਸ ਦੇ ਆਲੇ ਦੁਆਲੇ ਦੇ ਵਾਤਾਵਰਨ ਹਵਾ, ਮਿੱਟੀ, ਪਾਣੀ, ਊਰਜਾ, ਭੋਜਨ ਤੇ ਰਹਿੰਦ-ਖੂੰਹਦ ਦਾ ਅਧਿਐਨ ਕਰਨ ਲਈ ਆਪਣੇ ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਤੇ ਇਕ ਰਿਪੋਰਟ ਤਿਆਰ ਕੀਤੀ ਜਿਸ ਦਾ ਰਾਸ਼ਟਰੀ ਪੱਧਰ 'ਤੇ ਮੁਲਾਂਕਣ ਕੀਤਾ ਗਿਆ | ਉਨ੍ਹਾਂ ਇਸ ਸਫਲਤਾ ਦਾ ਸਿਹਰਾ ਅਧਿਆਪਕਾਂ ਨੂੰ ਦਿੰਦੇ ਹੋਏ ਕਿਹਾ ਕਿ ਗਰੀਨ ਸਕੂਲ ਪ੍ਰੋਗਰਾਮ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਜਾਂਦਾ ਹੈ | ਇਸ ਮੌਕੇ ਰਾਜੇਸ਼ ਸਲਵਾਨ, ਅਜੇ ਕੁਮਾਰ ਭੋਗਲ, ਰਾਮ ਪ੍ਰਸ਼ਾਦ, ਰਾਜਨ ਕੁਮਾਰ, ਬਲਕਾਰ ਅੱਤਰੀ ਆਦਿ ਹਾਜ਼ਰ ਸਨ |