ਕਾਦੀਆਂ, 27 ਦਸੰਬਰ (ਹਰਦੀਪ ਸਿੰਘ ਸੰਧੂ, ਕੁਲਵਿੰਦਰ ਸਿੰਘ)- ਮੁਸਲਿਮ ਜਮਾਤ ਅਹਿਮਦੀਆ ਦੇ ਹੈੱਡਕੁਆਰਟਰ ਕਾਦੀਆਂ ਵਿਖੇ ਚੱਲ ਰਹੇ ਅੰਤਰਰਾਸ਼ਟਰੀ ਜਲਸਾ ਸਾਲਾਨਾ ਦੇ ਦੂਜੇ ਦਿਨ ਅੱਜ ਸਰਬ ਧਰਮ ਸੰਮੇਲਨ ਕਰਵਾਇਆ ਗਿਆ | ਸੰਮੇਲਨ ਦੌਰਾਨ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਧਾਰਮਿਕ ਆਗੂਆਂ ਨੇ ਕਿਹਾ ਕਿ ਭਾਵੇਂ ਧਰਮ ਵੱਖ-ਵੱਖ ਹੋ ਸਕਦੇ ਹਨ ਪਰ ਮਨੁੱਖਤਾ ਦਾ ਮੂਲ ਸਿਧਾਂਤ ਇੱਕੋ ਹੈ | ਉਨ੍ਹਾਂ ਕਿਹਾ ਕਿ ਵਾਹਿਗੁਰੂ, ਅੱਲਾਹ ਅਤੇ ਭਗਵਾਨ ਇਹ ਸਾਰੇ ਨਾਮ ਇਕੋ ਹੀ ਸਰਬਸ਼ਕਤੀਮਾਨ ਪ੍ਰਮਾਤਮਾ ਨੂੰ ਦਰਸਾਉਂਦੇ ਹਨ ਅਤੇ ਸਾਰਿਆਂ ਧਰਮਾਂ ਦਾ ਸੰਦੇਸ਼ ਅਮਨ, ਪਿਆਰ ਅਤੇ ਸੇਵਾ ਦਾ ਹੈ | ਧਾਰਮਿਕ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਮਾਜ ਨੂੰ ਵੰਡਣ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਅਜਿਹੇ ਸਰਬ ਧਰਮ ਸਮਾਗਮ ਆਪਸੀ ਭਰੋਸੇ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਮੁਸਲਿਮ ਜਮਾਤ ਅਹਿਮਦੀਆ ਵਲੋਂ ਕਰਵਾਏ ਜਾ ਰਹੇ ਇਸ ਅੰਤਰਰਾਸ਼ਟਰੀ ਜਲਸਾ ਸਾਲਾਨਾ ਦੀ ਸ਼ਲਾਘਾ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼੍ਰੀ ਆਰਤੀ ਦੇਵਾ ਮਹਾਰਾਜ, ਡਾਕਟਰ ਸਤਪ੍ਰੀਤ, ਬਾਬਾ ਸੁਖਦੇਵ ਸਿੰਘ ਬੇਦੀ, ਬਾਬਾ ਲੋਕਦੀਪ ਸਿੰਘ, ਬਾਬਾ ਸੰਤੋਖ ਸਿੰਘ ਤੇ ਡਾਕਟਰ ਸ਼ਹਿਬਾਜ਼ ਚੀਮਾ ਹਾਜ਼ਰ ਹੋਏ | ਸਾਰੇ ਆਗੂਆਂ ਨੇ ਸੰਬੋਧਨਾਂ ਵਿਚ ਮਨੁੱਖਤਾ ਦੀ ਸੇਵਾ, ਆਪਸੀ ਸਨਮਾਨ ਤੇ ਸਾਂਝੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਅਪੀਲ ਕੀਤੀ | ਸੰਮੇਲਨ ਦੌਰਾਨ ਜਮਾਤ ਅਹਿਮਦੀਆ ਦੇ ਅਹੁਦੇਦਾਰਾਂ ਨੇ ਵੀ ਜਲਸਾ ਸਾਲਾਨਾ ਦੇ ਉਦੇਸ਼ਾਂ 'ਤੇ ਚਾਨਣ ਪਾਇਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਕਾਦੀਆਂ ਇੰਚਾਰਜ ਜਗਰੂਪ ਸਿੰਘ ਸੇਖਵਾਂ ਸਮੇਤ ਸ਼ਹਿਰ ਦੇ ਕਈ ਪਤਵੰਤੇ, ਸਮਾਜਿਕ ਆਗੂ ਤੇ ਪ੍ਰਸ਼ਾਸਨਿਕ ਨੁਮਾਇੰਦੇ ਵੀ ਹਾਜ਼ਰ ਰਹੇ | ਜਲਸਾ ਸਾਲਾਨਾ ਦੌਰਾਨ ਸੇਵਾਦਾਰਾਂ ਵਲੋਂ ਦੇਸ਼-ਵਿਦੇਸ਼ ਤੋਂ ਆਏ ਮਹਿਮਾਨਾਂ ਦੀ ਸੇਵਾ ਕੀਤੀ ਜਾ ਰਹੀ ਹੈ |