ਭੈਣੀ ਮੀਆਂ ਖਾਂ , 27 ਦਸੰਬਰ (ਜਸਬੀਰ ਸਿੰਘ ਬਾਜਵਾ)- ਸਥਾਨਕ ਥਾਣੇ ਅਧੀਨ ਪੈਂਦੇ ਪਿੰਡ ਫੇਰੋਚੇਚੀ ਵਿਖੇ ਬੀਤੀ ਰਾਤ 2 ਟਰਾਂਸਫ਼ਰਮਰਾਂ ਦਾ ਤੇਲ ਚੋਰੀ ਹੋ ਗਿਆ | ਇਸ ਸੰਬੰਧੀ ਪਾਵਰਕਾਮ ਦੇ ਸੇਵਾ-ਮੁਕਤ ਜੇ.ਈ. ਸਤਨਾਮ ਸਿੰਘ ਤੇ ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਟਿਊਬਵੈੱਲਾਂ ਦੇ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਹੋ ਗਿਆ ਹੈ | ਉਹ ਇਸ ਘਟਨਾ ਕਾਰਨ ਫਿਰ ਤੋਂ ਡਰ ਮਹਿਸੂਸ ਕਰ ਰਹੇ ਹਨ ਕਿ ਜਦੋਂ ਵੀ ਇਹ ਚੋਰ ਗਰੋਹ ਉਨ੍ਹਾਂ ਦੇ ਖੇਤਰ 'ਚ ਸਰਗਰਮ ਹੁੰਦਾ ਹੈ ਤਾਂ ਰੋਜ਼ਾਨਾਂ ਹੀ 5-6 ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ | ਬੀਤੇ ਮਹੀਨੇ ਵਿਚ ਵੀ ਕਿਸਾਨਾਂ ਦੇ ਸੈਂਕੜੇ ਟਰਾਂਸਫ਼ਾਰਮਰਾਂ ਦਾ ਤੇਲ ਚੋਰੀ ਹੋ ਚੁੱਕਾ ਹੈ | ਉਹ ਅਜਿਹੀਆਂ ਘਟਨਾਵਾਂ ਦੀ ਪੁਲਿਸ ਨੂੰ ਸ਼ਿਕਾਇਤ ਕਰਨਾ ਵੀ ਉਹ ਮੁਨਾਸਿਬ ਨਹੀਂ ਸਮਝਦੇ, ਕਿਉਂਕਿ ਅਜੇ ਤੱਕ ਇਸ ਕਾਰਵਾਈ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਸਕੇ | ਇਸ ਦੀ ਸ਼ਿਕਾਇਤ ਕਰਨ ਵਾਲਿਆਂ ਵਿਚ ਸਰਪੰਚ ਸਤਨਾਮ ਸਿੰਘ ਸੋਨੀ, ਨੰਬਰਦਾਰ ਸੁਰੇਸ਼ ਸਿੰਘ, ਨੰਬਰਦਾਰ ਜੋਗਾ ਸਿੰਘ, ਪੰਚ ਸਰਫ ਰਾਮ, ਬਾਬਾ ਤਰਸੇਮ ਸਿੰਘ ਆਦਿ ਸ਼ਾਮਿਲ ਸਨ | ਇਸ ਮਾਮਲੇ ਸੰਬੰਧੀ ਥਾਣਾ ਮੁਖੀ ਐਸ.ਆਈ. ਦਵਿੰਦਰ ਸਿੰਘ ਨੇ ਪੱਖ ਦੱਸਦਿਆਂ ਕਿਹਾ ਕਿ ਉਹ ਰਾਤ ਸਮੇਂ ਖੁਦ ਇਲਾਕੇ 'ਚ ਗਸ਼ਤ ਵਧਾਉਣਗੇ ਅਤੇ ਚੋਰ ਗਰੋਹ ਉੱਤੇ ਕਾਬੂ ਪਾਉਣ ਲਈ ਹਰ ਹਰਬਾ ਵਰਤਿਆ ਜਾਵੇਗਾ |